ਸੰਗਰੂਰ/ ਸੁਨਾਮ/13 ਅਗਸਤ/-ਸੁਨਾਮ ਇਲਾਕੇ ਦੀ ਮਾਣਮੱਤੀ ਵਿਦਿਅਕ ਸੰਸਥਾ ਅਕੇਡੀਆ ਵਰਲਡ ਸਕੂਲ ਵਿਖੇ ਤੀਆਂ ਦਾ ਤਿਉਹਾਰ ਬੜੇ ਹੀ ਧੂਮ ਧਾਮ ਨਾਲ ਮਨਾਇਆ ਗਿਆ। ਇਹ ਤਿਉਹਾਰ ਹਰ ਸਾਲ ਸਾਵਣ ਮਹੀਨੇ ਵਿੱਚ ਪੰਜਾਬੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦਾ ਹੈ। ਪੰਜਾਬੀ ਲੋਕ ਪਰੰਪਰਾ ਨੂੰ ਪੰਜਵੀਂ ਐਸਟਰ ਤੇ ਲਾਇਲੈਕ ਜਮਾਤ ਦੇ ਵਿਦਿਆਰਥੀਆਂ ਨੇ ਗਿੱਧੇ ਅਤੇ ਭੰਗੜੇ ਰਾਹੀਂ ਪੇਸ਼ ਕੀਤਾ ।ਇਸ ਦੀ ਤਿਆਰੀ ਕੁਝ ਕੁ ਦਿਨ ਪਹਿਲਾਂ ਹੀ ਸ਼ੁਰੂ ਕੀਤੀ ਗਈ ਸੀ। ਇਹ ਪ੍ਰੋਗਰਾਮ ਸਕੂਲ ਦੇ ਓਡੀਟੋਰੀਅਮ ਵਿੱਚ ਕਰਵਾਇਆ ਗਿਆ ।

ਪੰਜਵੀਂ ਜਮਾਤ ਦੇ ਵਿਦਿਆਰਥੀ ਖਮਿਸ਼ ਮਿੱਤਲ ਅਤੇ ਫਤਿਹ ਵੀਰ ਸਿੰਘ ਨੇ ਮੰਚ ਦਾ ਸੰਚਾਲਨ ਕੀਤਾ। ਸਾਰੇ ਵਿਦਿਆਰਥੀ ਗਿੱਧੇ ਅਤੇ ਭੰਗੜੇ ਦੇ ਪਹਿਰਾਵੇ ਵਿੱਚ ਬਹੁਤ ਸੋਹਣੇ ਲੱਗ ਰਹੇ ਸਨ। ਪੰਜਵੀਂ ਜਮਾਤ ਦੇ ਵਿਦਿਆਰਥੀ ਫਤਿਹ ਸਿੰਘ ਨੇ ਦਾਦਾ – ਦਾਦੀ ਨਾਲ ਸੰਬੰਧਿਤ ਕਵਿਤਾ ਪੇਸ਼ ਕੀਤੀ ।ਸਾਰੇ ਹੀ ਵਿਦਿਆਰਥੀਆਂ ਵਿੱਚ ਇਸ ਦਿਨ ਨੂੰ ਲੈ ਕੇ ਬਹੁਤ ਹੀ ਉਤਸ਼ਾਹ ਅਤੇ ਜੋਸ਼ ਭਰਿਆ ਹੋਇਆ ਸੀ। ਗਿੱਧੇ ਦੀਆਂ ਤਾਲਾਂ ਰਾਹੀਂ ਮੁਟਿਆਰਾਂ ਨੇ ਧਮਾਲ ਹੀ ਪਾ ਦਿੱਤੀ। ਗਿੱਧੇ ਅਤੇ ਭੰਗੜੇ ਦੀ ਧਮਾਲ ਨਾਲ ਸਾਰਾ ਹਾਲ ਤਾੜੀਆਂ ਨਾਲ ਗੂੰਜ ਉਠਿਆ। ਗਿੱਧੇ ਦੀ ਤਿਆਰੀ ਮਿਸ. ਸਿਮਰਨਜੀਤ ਕੌਰ ਅਤੇ ਮਿਸ ਕੁਲਵਿੰਦਰ ਕੌਰ ਨੇ ਕਰਵਾਈ ਅਤੇ ਭੰਗੜੇ ਦੀ ਤਿਆਰੀ ਡਾਂਸ ਟੀਚਰ ਮਿਸਟਰ ਅਮਨਦੀਪ ਨੇ ਕਰਵਾਈ ।ਸਕੂਲ ਦੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਨੇ ਵਿਦਿਆਰਥੀਆਂ ਦੇ ਉਤਸ਼ਾਹ ਅਤੇ ਮਿਹਨਤ ਦੀ ਤਾਰੀਫ ਕੀਤੀ। ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਨੇ ਕਿਹਾ ਕਿ ਅਸੀਂ ਸਕੂਲ ਵਿੱਚ ਹਰ ਤਿਉਹਾਰ ਨੂੰ ਸਿਰਫ ਮਨਾਉਂਦੇ ਹੀ ਨਹੀਂ ਸਗੋਂ ਇਸਦੀ ਸੰਸਕ੍ਰਿਤਕ ਮਹੱਤਤਾ ਨੂੰ ਵੀ ਵਿਦਿਆਰਥੀਆਂ ਤੱਕ ਪਹੁੰਚਾਉਂਦੇ ਹਾਂ। ਇਸ ਤੀਆਂ ਦੇ ਉਤਸਵ ਤੇ ਵਿਦਿਆਰਥੀਆਂ ਦੇ ਦਾਦਾ ਦਾਦੀ ਨੂੰ ਵੀ ਸੱਦਾ – ਪੱਤਰ ਦਿੱਤਾ ਗਿਆ ਅਤੇ ਉਹਨਾਂ ਨੂੰ ਜੀ ਆਇਆ ਆਖਿਆ ਗਿਆ।





