ਸੰਗਰੂਰ ਸੁਨਾਮ ਜੋਗਿੰਦਰ 25 ਸਤੰਬਰ/-ਕਲਗੀਧਰ ਟਰੱਸਟ ਬੜੂ ਸਾਹਿਬ ਅਧੀਨ ਚੱਲ ਰਹੀ ਵਿੱਦਿਅਕ ਸੰਸਥਾ ਅਕਾਲ ਅਕੈਡਮੀ ਉੱਭਿਆ ਵੱਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵੱਖ-ਵੱਖ ਵਿੱਦਿਅਕ, ਧਾਰਮਿਕ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਨਿਰੰਤਰ ਭਾਗ ਲਿਆ ਜਾਂਦਾ ਹੈ। ਇਸੇ ਲੜੀ ਨੂੰ ਅੱਗੇ ਵਧਾਉਂਦਿਆਂ ਅਕਾਲ ਅਕੈਡਮੀ ਉੱਭਿਆ ਵਿਖੇ ਵਿਦਿਆਰਥੀਆਂ ਨੂੰ ਗੁਰਮਤਿ ਜੀਵਨ ਨਾਲ ਜੋੜਨ ਅਤੇ ਅੰਮ੍ਰਿਤ ਪਾਨ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਕਥਾਵਾਚਕ ਸਰਦਾਰ ਅੰਮ੍ਰਿਤਪਾਲ ਸਿੰਘ ਜੀ ਵਿਸ਼ੇਸ਼ ਤੌਰ ’ਤੇ ਮਸਤੂਆਣਾ ਸਾਹਿਬ ਤੋਂ ਪਹੁੰਚੇ। ਉਨ੍ਹਾਂ ਦੇ ਨਾਲ ਭਾਈ ਸਾਹਿਬ ਅਮਨਦੀਪ ਸਿੰਘ ਜੀ ਪਾਤੜਾਂ ਵਾਲੇ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

ਸੈਮੀਨਾਰ ਦੌਰਾਨ ਵਿਦਿਆਰਥੀਆਂ ਨੇ ਭਾਈ ਸਾਹਿਬ ਦੇ ਵਿਚਾਰਾਂ ਨੂੰ ਬੜੇ ਧਿਆਨ ਅਤੇ ਸ਼ਰਧਾ ਨਾਲ ਸਰਵਣ ਕੀਤਾ। ਭਾਈ ਸਾਹਿਬ ਨੇ ਬਹੁਤ ਹੀ ਸਰਲ, ਰਸਭਰਪੂਰਣ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਵਿਦਿਆਰਥੀਆਂ ਨੂੰ ਅੰਮ੍ਰਿਤ ਪਾਨ ਕਰਨ, ਗੁਰੂ ਸਾਹਿਬ ਦੇ ਲੜ ਲੱਗਣ ਅਤੇ ਗੁਰਮਤਿ ਦੇ ਸਿਧਾਂਤਾਂ ਅਨੁਸਾਰ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਅਪਣਾਉਣ ਅਤੇ ਚੰਗੇ ਗੁਣਾਂ ਦਾ ਵਿਕਾਸ ਕਰਨ ਲਈ ਵੀ ਉਤਸ਼ਾਹਿਤ ਕੀਤਾ।
ਇਸ ਮੌਕੇ ਅਕਾਲ ਅਕੈਡਮੀ ਉੱਭਿਆ ਦੀ ਪ੍ਰਿੰਸੀਪਲ ਗੁਰਜੀਤ ਕੌਰ ਨੇ ਮੁੱਖ ਮਹਿਮਾਨ ਅਤੇ ਭਾਈ ਸਾਹਿਬ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਗੁਰਮਤਿ ਨਾਲ ਜੋੜਨ ਅਤੇ ਅੰਮ੍ਰਿਤ ਪਾਨ ਸਬੰਧੀ ਪ੍ਰੇਰਣਾਦਾਇਕ ਵਿਚਾਰ ਸਾਂਝੇ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਸੈਮੀਨਾਰ ਦੌਰਾਨ ਵਿਦਿਆਰਥੀਆਂ ਨੇ ਉਤਸ਼ਾਹਪੂਰਵਕ ਭਾਗ ਲੈਂਦਿਆਂ ਗੁਰਮਤਿ ਵਿਚਾਰਾਂ ਨੂੰ ਧਿਆਨ ਨਾਲ ਸਰਵਣ ਕੀਤਾ। ਇਹ ਸਮਾਗਮ ਵਿਦਿਆਰਥੀਆਂ ਨੂੰ ਆਪਣੀ ਵਿਰਾਸਤ, ਗੁਰਮਤਿ ਸਿਧਾਂਤਾਂ ਅਤੇ ਆਤਮਿਕ ਜੀਵਨ ਨਾਲ ਜੋੜਨ ਵੱਲ ਇੱਕ ਸਾਰਥਕ ਉਪਰਾਲਾ ਸਾਬਤ ਹੋਇਆ।




