ਅਕੇਡੀਆ ਵਰਲਡ ਸਕੂਲ, ਸੁਨਾਮ ਵਿੱਚ ਸ਼ਰਧਾ ਨਾਲ ਮਨਾਇਆ ਗਿਆ ਪ੍ਰਕਾਸ਼ ਪੁਰਬ।

0
29

ਸੁਨਾਮ/ਸੰਗਰੂਰ/ਜੋਗਿੰਦਰ:ਬੱਚਿਆਂ ਨੂੰ ਸਿੱਖ ਇਤਿਹਾਸ , ਧਰਮ ਅਤੇ ਗੁਰਬਾਣੀ ਨਾਲ ਜੋੜਨ ਲਈ ਅਕੇਡੀਆ ਵਰਲਡ ਸਕੂਲ, ਸੁਨਾਮ ਵਿਖੇ ਪਹਿਲੇ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਪੁਰਬ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਜਿਸ ਦੌਰਾਨ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਗੁਰਬਾਣੀ ਦੀਆਂ ਮਿੱਠੀਆਂ ਧੁਨੀਆਂ ਨਾਲ ਪੂਰਾ ਸਕੂਲ ਗੂੰਜ ਉੱਠਿਆ।

ਇਸ ਤੋਂ ਬਾਅਦ ਕੀਰਤਨ ਆਯੋਜਿਤ ਕੀਤਾ ਗਿਆ। ਜਿਸ ਵਿੱਚ ਸਕੂਲ ਦੇ ਬੱਚਿਆਂ ਨੇ ਵੀ ਭਾਗ ਲਿਆ ਅਤੇ ਆਪਣੇ ਸੁਰੀਲੇ ਸੁਰਾਂ ਨਾਲ ਸਭ ਦਾ ਮਨ ਮੋਹ ਲਿਆ।
ਪਾਠ ਅਤੇ ਕੀਰਤਨ ਸਮਾਪਤ ਹੋਣ ਤੋਂ ਬਾਅਦ ਦੇਗ ਵਰਤਾਈ ਗਈ ਅਤੇ ਸਭ ਨੂੰ ਲੰਗਰ ਬੜੀ ਸ਼ਰਧਾ ਨਾਲ ਛਕਾਇਆ ਗਿਆ। ਪੂਰੇ ਸਮਾਗਮ ਦੌਰਾਨ ਗੁਰਬਾਣੀ ਦੀ ਗੂੰਜ ਨਾਲ ਆਤਮਿਕ ਸ਼ਾਂਤੀ ਦਾ ਮਾਹੌਲ ਬਣ ਗਿਆ। ਲੰਗਰ ਸੇਵਾ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੁਆਰਾ ਵੀਹ ਰੁਪਿਆ ਤੋਂ ਸ਼ੁਰੂ ਕੀਤੀ ਗਈ ਲੰਗਰ ਪ੍ਰਥਾ ਅੱਜ ਤੱਕ ਚੱਲ ਰਹੀ ਹੈ।ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਜੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਸਮੁੱਚੀ ਲੋਕਾਈ ਦੇ ਰਹਿਬਰ ਹੋਏ ਹਨ। ਉਨ੍ਹਾਂ ਨੇ ਵੱਖ ਵੱਖ ਦਿਸ਼ਾਵਾਂ ਵੱਲ ਚਾਰ ਉਦਾਸੀਆਂ ਕਰਕੇ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦਾ ਸੰਦੇਸ਼ ਦਿੱਤਾ।
ਸਕੂਲ ਪ੍ਰਿੰਸੀਪਲ ਰਣਜੀਤ ਕੌਰ ਨੇ ਇਸ ਮੌਕੇ ‘ਤੇ ਬੱਚਿਆਂ ਨੂੰ ਗੁਰੂ ਸਾਹਿਬ ਦੇ ਉਪਦੇਸ਼ਾਂ ਤੇ ਚੱਲਣ ਦੀ ਪ੍ਰੇਰਣਾ ਦਿੱਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਬੱਚਿਆਂ ਵਿੱਚ ਆਧਿਆਤਮਿਕਤਾ, ਸੇਵਾ ਭਾਵਨਾ ਅਤੇ ਸਦਾਚਾਰ ਦੀ ਪ੍ਰੇਰਣਾ ਪੈਦਾ ਕਰਦੇ ਹਨ।