ਸੰਤ ਅਤਰ ਸਿੰਘ ਜੀ ਮਸਤੂਆਣੇ ਸਾਹਿਬ ਵਾਲਿਆਂ ਦੇ 160ਵੇਂ ਜਨਮ-ਦਿਹਾੜੇ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਅੱਜ ਸਜਾਇਆ ਜਾਵੇਗਾ।

0
11

/ਸੰਗਰੂਰ/ ਜੋਗਿੰਦਰ/14 ਮਾਰਚ/ : 20ਵੀਂ ਸਦੀ ਵਿੱਚ ਗੁਰਮਤਿ ਪ੍ਰਚਾਰ ਦੀ ਅਦੁੱਤੀ ਲਹਿਰ ਚਲਾ ਕੇ ਲੱਖਾਂ ਪ੍ਰਾਣੀਆਂ ਨੂੰ ਗੁਰੂ ਦੇ ਲੜ ਲਾਉਣ ਵਾਲੇ ਮਹਾਨ ਸ਼੍ਰੋਮਣੀ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੇ 160ਵੇਂ ਜਨਮ-ਦਿਹਾੜੇ ਨੂੰ ਸਮਰਪਿਤ ਹਰੇਕ ਸਾਲ ਦੀ ਤਰ੍ਹਾਂ ਮਹਾਨ ਗੁਰਮਤਿ ਸਮਾਗਮ 13 ਤੋਂ 17 ਮਾਰਚ ਤੱਕ ਗੁਰਦਵਾਰਾ ਜਨਮ ਅਸਥਾਨ ਚੀਮਾ ਸਾਹਿਬ ਵਿਖੇ ਕਰਾਇਆ ਜਾਂਦਾ ਹੈ ਜਿਸਦੇ ਚਲਦਿਆ ਕੱਲ੍ਹ ਮਿਤੀ 14 ਮਾਰਚ ਨੂੰ ਸੰਤ ਬਾਬਾ ਜਸਵਿੰਦਰ ਸਿੰਘ ਜੀ ਹਰੇੜੀ ਵਾਲੇ, ਭਾਈ ਚਮਕੌਰ ਸਿੰਘ ਜੀ ਖੇੜੀ ਵਾਲੇ, ਭਾਈ ਸੁਰਜੀਤ ਸਿੰਘ ਜੀ ਟੁਹਾਣੇ ਵਾਲੇ, ਬਾਬਾ ਜਗਰੂਪ ਸਿੰਘ ਜੀ ਕੱਟੂ ਵਾਲੇ, ਸੰਤ ਬਾਬਾ ਬੂਟਾ ਸਿੰਘ ਜੀ ਗੁਰਥੜੀ ਵਾਲੇ ਅਤੇ ਅਨਹਦ ਬਾਣੀ ਜਥਾ ਗੁਰਦੁਆਰਾ ਬੜੂ ਸਾਹਿਬ ਅਤੇ ਹੋਰ ਪੰਥ ਰਾਗੀਆਂ ਅਤੇ ਪ੍ਰਚਾਰਕਾਂ ਵੱਲੋਂ ਹਾਜ਼ਰੀ ਭਰੀ ਗਈ। ਅੱਜ ਮਿਤੀ 15 ਮਾਰਚ ਨੂੰ ਅਲੌਕਿਕ ਨਗਰ ਕੀਰਤਨ ਗੁਰਦੁਆਰਾ ਨਾਨਕਸਰ ਸਾਹਿਬ ਚੀਮਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਸਜਾਇਆ ਜਾਵੇਗਾ, ਇਸ ਅਲੌਕਿਕ ਨਗਰ ਕੀਰਤਨ ਦੀ ਆਰੰਭਤਾ ਸਵੇਰੇ 6 ਵਜੇ ਗੁਰਦੁਆਰਾ ਨਾਨਕਸਰ ਸਾਹਿਬ ਚੀਮਾ ਤੋਂ ਜੋ ਅਰਦਾਸ ਬੇਨਤੀ ਕਰਨ ਉਪਰੰਤ ਪਿੰਡ ਦੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਸ਼ਾਮ ਦੇ 7 ਵਜੇ ਸਮਾਪਤੀ ਕੀਤੀ ਜਾਵੇਗੀ। ਨਗਰ ਕੀਰਤਨ ਨੂੰ ਸ਼ਾਨੋ-ਸੌਕਤ ਅਤੇ ਅਦਬ ਨਾਲ ਸੰਗਤ ਦੇ ਠਾਠਾਂ ਮਾਰਦੇ ਇਕੱਠ ਵਿੱਚ ਸਜਾਇਆ ਜਾਵੇਗਾ। ਬੜੂ ਸਾਹਿਬ ਸੰਸਥਾ ਵੱਲੋਂ ਚਲਾਈਆਂ ਜਾ ਰਹੀਆਂ ਆਸ-ਪਾਸ ਦੀਆਂ ਕਈ ਅਕਾਲ ਅਕੈਡਮੀਆਂ ਦੇ ਬੱਚਿਆਂ ਅਤੇ ਅਧਿਆਪਕਾਂ ਦੁਆਰਾ ਵੀ ਇਸ ਅਲੌਕਿਕ ਨਗਰ ਕੀਰਤਨ ਵਿੱਚ ਸਿਰਕਤ ਕੀਤੀ ਜਾਵੇਗੀ। ਨਗਰ ਕੀਰਤਨ ਦੌਰਾਨ ਸਾਬਤ-ਸੂਰਤ ਫੌਜੀ ਬੈਂਡ, ਅਕਾਲ ਗੁਰਮਤਿ ਵਿਦਿਆਲਿਆ ਚੀਮਾ ਦੇ ਭੁਝੰਗੀ ਸਿੰਘਾਂ ਵੱਲੋਂ ਗੱਤਕੇ ਦੇ ਜੌਹਰ ਵੀ ਵਿਖਾਏ ਜਾਣਗੇ ਅਤੇ ਪੰਥ-ਪ੍ਰਸਿੱਧ ਢਾਡੀ ਅਤੇ ਕੀਰਤਨੀ ਜੱਥਿਆਂ ਦੁਆਰਾ ਹਾਜ਼ਰੀ ਲਵਾਈ ਜਾਵੇਗੀ।


ਇਸ ਮੌਕੇ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਮੁੱਖ ਸੇਵਾਦਾਰ ਡਾ. ਦਵਿੰਦਰ ਸਿੰਘ ਜੀ ਅਤੇ ਵਾਈਸ-ਪ੍ਰੈਜ਼ੀਡੈਂਟ ਭਾਈ ਜਗਜੀਤ ਸਿੰਘ ਜੀ ਵੱਲੋ ਸਾਰੀ ਸੰਗਤ ਨੂੰ ਬਹੁਤ ਹੀ ਉਤਸ਼ਾਹ ਅਤੇ ਪ੍ਰੇਮ ਭਾਵਨਾ ਨਾਲ ਇਸ ਨਗਰ ਕੀਰਤਨ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨ ਲਈ ਬੇਨਤੀ ਕੀਤੀ। ਇਹ ਨਗਰ ਕੀਰਤਨ ਗੁਰਦੁਆਰਾ ਜਨਮ ਅਸਥਾਨ ਕਲਗੀਧਰ ਟਰੱਸਟ ਬੜੂ ਸਾਹਿਬ, ਗੁਰਦੁਆਰਾ ਨਾਨਕਸਰ ਸਾਹਿਬ ਅਤੇ ਚੀਮਾ ਸਾਹਿਬ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ।