Saturday, September 12, 2026
20.5 C
London
Home Uncategorized ਲੋਕ ਸੇਵਾ ਅਤੇ ਇਮਾਨਦਾਰੀ ਭਰਿਆ ਜੀਵਨ ਸਮਾਜ ਲਈ ਸਦੀਵੀ ਪ੍ਰੇਰਣਾ: ਗੁਰਮੀਤ ਸਿੰਘ...

ਲੋਕ ਸੇਵਾ ਅਤੇ ਇਮਾਨਦਾਰੀ ਭਰਿਆ ਜੀਵਨ ਸਮਾਜ ਲਈ ਸਦੀਵੀ ਪ੍ਰੇਰਣਾ: ਗੁਰਮੀਤ ਸਿੰਘ ਖੁੱਡੀਆਂ

0
23

ਸੁਨਾਮ ਊਧਮ ਸਿੰਘ ਵਾਲਾ, ਜੋਗਿੰਦਰ/ 3 ਜੁਲਾਈ:

ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਗੁਰੂ ਨਾਨਕ ਦੇਵ ਡੈਂਟਲ ਕਾਲਜ, ਸੁਨਾਮ ਵਿਖੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਵਰਗੀ ਬਾਬੂ ਭਗਵਾਨ ਦਾਸ ਅਰੋੜਾ ਦੀ 26ਵੀਂ ਬਰਸੀ ਮੌਕੇ ਆਯੋਜਿਤ ਸਮਾਗਮ ਵਿੱਚ ਸ਼ਮੂਲੀਅਤ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਅਰਦਾਸ ਅਤੇ ਕੀਰਤਨ ਦਰਬਾਰ ਸਜਾਇਆ ਗਿਆ। ਇਸ ਦੇ ਨਾਲ ਹੀ ਲੋਕਾਂ ਦੀ ਭਲਾਈ ਲਈ ਮੁਫ਼ਤ ਮੈਡੀਕਲ ਅਤੇ ਡੈਂਟਲ ਕੈਂਪ ਦਾ ਵੀ ਆਯੋਜਨ ਕੀਤਾ ਗਿਆ, ਜਿਸ ਦਾ ਵੱਡੀ ਗਿਣਤੀ ਵਿੱਚ ਲੋਕਾਂ ਨੇ ਲਾਭ ਪ੍ਰਾਪਤ ਕੀਤਾ।

ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸਵ. ਬਾਬੂ ਭਗਵਾਨ ਦਾਸ ਅਰੋੜਾ ਨੇ ਆਪਣਾ ਸਮੁੱਚਾ ਜੀਵਨ ਲੋਕ ਸੇਵਾ, ਸਾਦਗੀ ਅਤੇ ਇਮਾਨਦਾਰੀ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਜਿਹੜੀਆਂ ਸ਼ਖ਼ਸੀਅਤਾਂ ਸਮਾਜ ਭਲਾਈ ਲਈ ਨਿਸ਼ਕਾਮ ਭਾਵਨਾ ਨਾਲ ਕੰਮ ਕਰਦੀਆਂ ਹਨ, ਉਹ ਆਪਣੀਆਂ ਸੇਵਾਵਾਂ ਕਰਕੇ ਸਦਾ ਲੋਕਾਂ ਦੇ ਦਿਲਾਂ ਵਿੱਚ ਵੱਸਦੀਆਂ ਰਹਿੰਦੀਆਂ ਹਨ।

ਉਨ੍ਹਾਂ ਕਿਹਾ ਕਿ ਸਵ. ਬਾਬੂ ਭਗਵਾਨ ਦਾਸ ਅਰੋੜਾ ਵੱਲੋਂ ਸਿੱਖਿਆ ਅਤੇ ਸਿਹਤ ਖੇਤਰ ਵਿੱਚ ਪਾਏ ਗਏ ਯੋਗਦਾਨ, ਵਿਸ਼ੇਸ਼ ਕਰਕੇ ਗੁਰੂ ਨਾਨਕ ਦੇਵ ਡੈਂਟਲ ਕਾਲਜ ਦੀ ਸਥਾਪਨਾ, ਮਾਲਵਾ ਖੇਤਰ ਲਈ ਇੱਕ ਇਤਿਹਾਸਕ ਕਦਮ ਸੀ। ਇਸ ਸੰਸਥਾ ਨੇ ਨਾ ਸਿਰਫ਼ ਹਜ਼ਾਰਾਂ ਨੌਜਵਾਨਾਂ ਨੂੰ ਉੱਚ ਸਿੱਖਿਆ ਦੇ ਮੌਕੇ ਪ੍ਰਦਾਨ ਕੀਤੇ ਹਨ, ਸਗੋਂ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਇਆ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਸਵ. ਬਾਬੂ ਭਗਵਾਨ ਦਾਸ ਅਰੋੜਾ ਦੇ ਆਦਰਸ਼ ਅਤੇ ਸਮਾਜ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਅੱਜ ਵੀ ਸਮਾਜ ਲਈ ਪ੍ਰੇਰਣਾਦਾਇਕ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅਮਨ ਅਰੋੜਾ ਵੱਲੋਂ ਆਪਣੇ ਪਿਤਾ ਦੇ ਆਦਰਸ਼ਾਂ ਅਤੇ ਲੋਕ ਸੇਵਾ ਦੀ ਵਿਰਾਸਤ ਨੂੰ ਬਾਖ਼ੂਬੀ ਅੱਗੇ ਵਧਾਇਆ ਜਾ ਰਿਹਾ ਹੈ, ਜੋ ਸ਼ਲਾਘਾਯੋਗ ਹੈ।

ਅੰਤ ਵਿੱਚ ਸ੍ਰੀ ਗੁਰਮੀਤ ਸਿੰਘ ਖੁੱਡੀਆਂ ਨੇ ਸਵਰਗੀ ਬਾਬੂ ਭਗਵਾਨ ਦਾਸ ਅਰੋੜਾ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਿਆਂ ਪਰਿਵਾਰ ਨੂੰ ਭਾਣਾ ਮੰਨਣ ਅਤੇ ਚੜ੍ਹਦੀ ਕਲਾ ਵਿੱਚ ਰਹਿਣ ਦੀ ਅਰਦਾਸ ਕੀਤੀ।