ਸ਼੍ਰੀ ਦਰਸ਼ਨ ਕਾਂਗੜਾ ਨੇ ਹਰਿਆਣਾ ਦੇ ਏ.ਡੀ.ਜੀ.ਪੀ. ਰੈਂਕ ਦੇ ਅਧਿਕਾਰੀ ਮ੍ਰਿਤਕ ਵਾਈ ਪੂਰਨ ਕੁਮਾਰ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

0
31

ਭਾਰਤੀਯ ਅੰਬੇਡਕਰ ਮਿਸ਼ਨ ਵੱਲੋਂ ਇਨਸਾਫ ਲਈ ਹਰ ਸੰਭਵ ਮਦਦ ਕਰਨ ਦਾ ਦਿੱਤਾ ਭਰੋਸਾ

ਦਲਿਤਾਂ ਤੇ ਤਸ਼ੱਦਦ ਦੇਸ਼ ਲਈ ਗੰਭੀਰ ਚਿੰਤਾਂ ਦਾ ਵਿਸ਼ਾ: ਸ਼੍ਰੀ ਦਰਸ਼ਨ ਕਾਂਗੜਾ

ਸੰਗਰੂਰ 14 ਅਕਤੂਬਰ (ਜੋਗਿੰਦਰ): ਸ਼੍ਰੀ ਦਰਸ਼ਨ ਸਿੰਘ ਕਾਂਗੜਾ ਕੌਮੀ ਪ੍ਰਧਾਨ ਭਾਰਤੀਯ ਅੰਬੇਡਕਰ ਮਿਸ਼ਨ, ਭਾਰਤ ਵੱਲੋਂ ਬੀਤੇ ਦਿਨੀਂ ਚੰਡੀਗੜ੍ਹ ਵਿਖੇ ਦਲਿਤ ਭਾਈਚਾਰੇ ਨਾਲ ਸਬੰਧਿਤ ਹਰਿਆਣਾ ਦੇ ਏ.ਡੀ.ਜੀ.ਪੀ ਰੈਂਕ ਦੇ ਆਈ.ਪੀ.ਐਸ. ਅਧਿਕਾਰੀ ਵਾਈ ਪੂਰਨ ਕੁਮਾਰ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਮਿਸ਼ਨ ਵੱਲੋਂ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ। ਮੁਲਾਕਾਤ ਕਰਨ ਉਪਰੰਤ ਸ਼੍ਰੀ ਦਰਸ਼ਨ ਕਾਂਗੜਾ ਨੇ ਕਿਹਾ ਕਿ ਵਾਈ ਪੂਰਨ ਸਿੰਘ ਨੇ ਖੁਦਕੁਸ਼ੀ ਨਹੀਂ ਕੀਤੀ ਸਗੋਂ ਉਹ ਦੇਸ਼ ਭਰ ਦੇ ਗਰੀਬਾਂ , ਦਲਿਤਾਂ , ਕਿਸਾਨਾਂ ਤੇ ਪਿਛੜੇ ਵਰਗ ਦੇ ਲੋਕਾਂ ਦੇ ਹੱਕਾਂ ਲਈ ਮਨੂਵਾਦੀ ਸੋਚ ਵਿਰੁੱਧ ਲੜਦਿਆਂ ਸ਼ਹੀਦ ਹੋਏ ਹਨ। ਉਨ੍ਹਾਂ ਕਿਹਾ ਕਿ ਦੂਰ ਦੁਰਾਡੇ ਦੇ ਪੱਛੜੇ ਇਲਾਕਿਆਂ ਤੋਂ ਲੈ ਕੇ ਦੇਸ਼ ਦੇ ਚੀਫ ਜਸਟਿਸ ਤੱਕ ਕੋਈ ਵੀ ਦਲਿਤ ਇਸ ਵਰਤਾਰੇ ਦੀ ਮਾਰ ਹੇਠ ਆ ਸਕਦਾ ਹੈ, ਸਾਡੇ ਦੇਸ਼ ਦਾ ਸੰਵਿਧਾਨ ਸਾਰਿਆਂ ਨੂੰ ਬਰਾਬਰੀ ਦਾ ਅਧਿਕਾਰ ਦਿੰਦਾ ਹੈ। ਜਿਸ ਚ ਜਾਤ-ਪਾਤ ਜਾਂ ਊਚ ਨੀਚ ਲਈ ਕੋਈ ਜਗ੍ਹਾ ਨਹੀਂ ਪਰ ਅਮਲੀ ਤੌਰ ਤੇ ਸਮਾਜ ਵਿੱਚ ਇਹ ਸਾਰੇ ਵਿਤਕਰੇ ਮੌਜੂਦ ਹਨ। ਸ਼੍ਰੀ ਕਾਂਗੜਾ ਨੇ ਕਿਹਾ ਕਿ ਜੇਕਰ ਇਸ ਵਰਗ ਦੇ ਪੜੇ ਲਿਖੇ ਅਤੇ ਉੱਚ ਅਹੁਦਿਆਂ ਤੇ ਬਿਰਾਜਮਾਨ ਵਿਅਕਤੀ ਵੀ ਸਮਾਜ ਦੀ ਸੰਕੀਰਣ ਤੇ ਘਟੀਆ ਮਾਨਸਿਕਤਾ ਅੱਗੇ ਬੇਵੱਸ ਹੋ ਜਾਂਦੇ ਹਨ ਤਾਂ ਆਮ ਵਿਅਕਤੀ ਦੀ ਜਿੰਦਗੀ ਦੀ ਬੇਬਸੀ ਦਾ ਅੰਦਾਜ਼ਾ ਲਗਾਉਣਾ ਔਖਾ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰਾਂ ਦੇ ਘਟੀਆ ਸਿਸਟਮ ਅਤੇ ਮਨੂਵਾਦੀ ਸੋਚ ਦੇ ਘੜੰਮ ਚੌਧਰੀਆਂ ਕਾਰਨ ਦਲਿਤਾਂ ਤੇ ਹਰ ਰੋਜ਼ ਅੰਨ੍ਹੇਵਾਹ ਤਸ਼ੱਦਦ ਹੋ ਰਹੇ ਹਨ। ਸ਼੍ਰੀ ਕਾਂਗੜਾ ਨੇ ਕਿਹਾ ਕਿ ਦਲਿਤਾਂ ਦੇ ਮਸੀਹਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਨੇ ਜਿਸ ਆਜ਼ਾਦੀ ਲਈ ਸੰਵਿਧਾਨ ਅੰਦਰ ਸਭਨਾਂ ਨੂੰ ਬਰਾਬਰਤਾ ਦੇ ਹੱਕ ਦਿੱਤੇ ਹਨ, ਉਹ ਸਿਰਫ ਹੁਣ ਕਾਗਜ਼ਾਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਲੱਗਦਾ ਹੈ। ਇਕ ਗਹਿਰੀ ਸਾਜ਼ਿਸ ਤਹਿਤ ਦਲਿਤਾਂ ਅਤੇ ਪੱਛੜਿਆ ਤੋਂ ਉਨਾਂ ਦੇ ਅਧਿਕਾਰ ਖੋਹੇ ਜਾ ਰਹੇ ਹਨ। ਸ਼੍ਰੀ ਦਰਸ਼ਨ ਕਾਂਗੜਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਤਰਾਂ ਦੇ ਜ਼ਬਰ ਜ਼ੁਲਮ ਦੇ ਖਿਲਾਫ ਲੜਨ ਲਈ ਅਤੇ ਆਪਣੀ ਹਿਫਾਜ਼ਤ ਲਈ ਇੱਕਜੁੱਟ ਹੋਣ ਦੀ ਸਖ਼ਤ ਜ਼ਰੂਰਤ ਹੈ। ਸ਼੍ਰੀ ਕਾਂਗੜਾ ਨੇ ਕਿਹਾ ਕਿ ਉਹ ਅਤੇ ਭਾਰਤੀਯ ਅੰਬੇਡਕਰ ਮਿਸ਼ਨ, ਭਾਰਤ ਦੇ ਸਮੂਹ ਸਾਥੀ ਮ੍ਰਿਤਕ ਅਧਿਕਾਰੀ ਵਾਈ ਪੂਰਨ ਕੁਮਾਰ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਹਰ ਸੰਘਰਸ਼ ਵਿੱਚ ਪਰਿਵਾਰ ਨਾਲ ਚੱਟਾਨ ਵਾਂਗ ਖੜ੍ਹਨਗੇ। ਇਸ ਮੌਕੇ ਸ਼੍ਰੀ ਦਰਸ਼ਨ ਕਾਂਗੜਾ ਨਾਲ ਸੰਸਥਾ ਦੇ ਹੋਰ ਵੀ ਆਗੂ ਹਾਜ਼ਰ ਸਨ।