ਸੰਗਰੂਰ/ ਸੁਨਾਮ/ਜੋਗਿੰਦਰ/ 21 ਜੂਨ:/
ਕੌਮਾਂਤਰੀ ਯੋਗ ਦਿਵਸ ਦੇ ਮੌਕੇ ਅੱਜ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਸੁਨਾਮ ਵਿਖੇ ਵਿਸ਼ੇਸ਼ ਯੋਗ ਸਮਾਗਮ ਮਨਪ੍ਰੀਤ ਬਾਂਸਲ ਦੀ ਦੇਖਰੇਖ ਵਿੱਚ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ, ਅਧਿਆਪਕਾਂ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸ਼ਹਿਰ ਵਾਸੀਆਂ ਨੇ ਭਾਗ ਲੈ ਕੇ ਯੋਗ ਪ੍ਰਤੀ ਆਪਣੀ ਰੁਚੀ ਅਤੇ ਜਾਗਰੂਕਤਾ ਦਾ ਪ੍ਰਗਟਾਵਾ ਕੀਤਾ।

ਸਮਾਗਮ ਦੌਰਾਨ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਯੋਗ ਅਭਿਆਸ ਵਿੱਚ ਭਾਗ ਲੈਂਦਿਆਂ ਹਾਜ਼ਰੀਨਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਯੋਗ ਸਾਡੇ ਸਰੀਰ, ਮਨ ਅਤੇ ਆਤਮਾ ਨੂੰ ਤੰਦਰੁਸਤ ਰੱਖਣ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹੈ। ਅੱਜ ਦੇ ਤਣਾਅ ਭਰੇ ਜੀਵਨ ਵਿੱਚ ਯੋਗ ਮਨੁੱਖ ਨੂੰ ਨਾ ਸਿਰਫ਼ ਬਿਮਾਰੀਆਂ ਤੋਂ ਬਚਾਉਂਦਾ ਹੈ, ਸਗੋਂ ਉਸਦੀ ਸੋਚ ਅਤੇ ਜੀਵਨ ਸ਼ੈਲੀ ਨੂੰ ਵੀ ਸੰਤੁਲਿਤ ਕਰਦਾ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਯੋਗ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਤੰਦਰੁਸਤ ਅਤੇ ਖੁਸ਼ਹਾਲ ਜੀਵਨ ਬਤੀਤ ਕਰ ਸਕੀਏ। ਉਨ੍ਹਾਂ ਖਾਸ ਤੌਰ ‘ਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵੀ ਆਪਣੇ ਨਾਲ ਯੋਗ ਅਤੇ ਹੋਰ ਖੇਡ ਗਤੀਵਿਧੀਆਂ ਲਈ ਖੇਡ ਮੈਦਾਨਾਂ ਵਿੱਚ ਲੈ ਕੇ ਜਾਣ ਅਤੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਇਸ ਨਾਲ ਨੌਜਵਾਨ ਪੀੜ੍ਹੀ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਸਕਦੀ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਖੇਡਾਂ ਅਤੇ ਯੋਗ ਨੂੰ ਪ੍ਰਫੁੱਲਤ ਕਰਨ ਲਈ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਨੌਜਵਾਨ ਆਪਣੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਲਾ ਸਕਣ।

ਇਸ ਮੌਕੇ ਪ੍ਰਬੰਧਕਾਂ ਵੱਲੋਂ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਪ੍ਰਬੰਧਕਾਂ ਨੇ ਉਨ੍ਹਾਂ ਦੀ ਲੋਕ ਭਲਾਈ ਅਤੇ ਸਮਾਜਿਕ ਵਿਕਾਸ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਯਾਦਗਾਰੀ ਚਿੰਨ੍ਹ ਭੇਟ ਕੀਤਾ।
ਸਮਾਗਮ ਦੌਰਾਨ ਯੋਗ ਮਾਹਿਰਾਂ ਵੱਲੋਂ ਵੱਖ-ਵੱਖ ਯੋਗ ਆਸਨ ਕਰਵਾ ਕੇ ਹਾਜ਼ਰੀਨ ਨੂੰ ਯੋਗ ਦੇ ਲਾਭਾਂ ਅਤੇ ਇਸ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਵੀ ਦਿੱਤੀ ਗਈ।
ਇਸ ਮੌਕੇ ਪ੍ਰੋ. ਦਰਸ਼ਨ ਕੁਮਾਰ, ਡਾ. ਮਨੀਤਾ ਜੋਸ਼ੀ, ਪ੍ਰੋ. ਚਮਕੌਰ ਸਿੰਘ. ਪ੍ਰੋ. ਕਾਲਾ ਸਿੰਘ, ਪ੍ਰੋ. ਦਲਜੀਤ ਸਿੰਘ, ਡਾ. ਮਨਪ੍ਰੀਤ ਕੌਰ ਹਾਂਡਾ, ਮਨਪ੍ਰੀਤ ਬਾਂਸਲ (ਐਮ ਸੀ), ਯਾਦਵਿੰਦਰ ਨਿਰਮਾਣ (ਐਮ ਸੀ),
ਗੁਰਲਾਭ ਸਿੰਘ ਭੰਗੂ ( ਐਮ ਸੀ), ਸਾਹਿਬ ਸਿੰਘ (ਐਮ ਸੀ), ਸ਼੍ਰੀ ਤਨੁਜ, ਸ਼੍ਰੀ ਅਸ਼ੋਕ (ਗਾਂਧੀ), ਸ਼੍ਰੀ ਮੱਖਣ, ਸ਼੍ਰੀ ਸਤਗੁਰ, ਯਸ਼ ਪਾਲ ਮੰਗਲਾ, ਸ਼੍ਰੀ ਅਤੁਲ, ਯੋਧਾ ਖੁਰਮੀ, ਗੁਰਲਾਭ ਸਿੰਘ, ਸੰਜੇ ਮਦਾਨ, ਕੌਸ਼ਿਕ ਗਰਗ, ਸ਼੍ਰੀ ਬਿੱਟੂ, ਆਸ਼ੀਸ਼ ਲਾਡੀ
ਧੀਰਜ ਮਾਸਟਰ, ਕੇਵਲ ਸਿੰਘ (ਐੱਸ ਡੀ ਓ), ਸ਼੍ਰੀ ਆਸ਼ੂ, ਸ਼੍ਰੀ ਸੰਜੀਵ, ਸ਼੍ਰੀ ਜੈਨ, ਸ਼੍ਰੀ ਮੋਦਗਿਲ,
ਦੀਪਕ ਗੋਇਲ, ਸਮੇਤ ਵੱਡੀ ਗਿਣਤੀ ਸ਼ਹਿਰ ਵਾਸੀ ਹਾਜ਼ਰ ਸਨ।






