Saturday, September 12, 2026
20.5 C
London
Home ਪੰਜਾਬ ਅਕੇਡੀਆ ਵਰਲਡ ਸਕੂਲ ਵਿਖੇ 80ਵਾਂ ਸੁਤੰਤਰਤਾ ਦਿਵਸ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ।

ਅਕੇਡੀਆ ਵਰਲਡ ਸਕੂਲ ਵਿਖੇ 80ਵਾਂ ਸੁਤੰਤਰਤਾ ਦਿਵਸ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ।

0
12

ਸੰਗਰੂਰ/ਸੁਨਾਮ/ਜੋਗਿੰਦਰ/ 14 ਅਗਸਤ /- ਇਲਾਕੇ ਦੀ ਮਾਣਮੱਤੀ ਵਿੱਦਿਅਕ ਸੰਸਥਾ ਅਕੇਡੀਆ ਵਰਲਡ ਸਕੂਲ, ਸੁਨਾਮ ਵਿਖੇ 80ਵਾਂ ਸੁਤੰਤਰਤਾ ਦਿਵਸ ਪੂਰੇ ਉਤਸ਼ਾਹ, ਜੋਸ਼ ਅਤੇ ਦੇਸ਼ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਇਹ ਸਮਾਗਮ ਸਾਡੇ ਆਜ਼ਾਦੀ ਘੁਲਾਟੀਆਂ ਅਤੇ ਦੇਸ਼ ਲਈ ਦਿੱਤੀਆਂ ਉਨ੍ਹਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਯਾਦ ਕਰਨ ਅਤੇ ਵਿਦਿਆਰਥੀਆਂ ਵਿੱਚ ਦੇਸ਼-ਪ੍ਰੇਮ ਦੀ ਭਾਵਨਾ ਪੈਦਾ ਕਰਨ ਦਾ ਸੁੰਦਰ ਮੌਕਾ ਬਣਿਆ।

ਸਮਾਗਮ ਦੀ ਸ਼ੁਰੂਆਤ ਸਕੂਲ ਦੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਵੱਲੋਂ ਤਿਰੰਗਾ ਲਹਿਰਾਉਣ ਨਾਲ ਹੋਈ। ਇਸ ਉਪਰੰਤ ਰਾਸ਼ਟਰੀ ਗਾਣ ਪੇਸ਼ ਕੀਤਾ ਗਿਆ, ਜਿਸ ਨਾਲ ਸਮੁੱਚਾ ਮਾਹੌਲ ਦੇਸ਼ਭਗਤੀ ਦੇ ਜਜ਼ਬੇ ਨਾਲ ਭਰ ਗਿਆ।

ਇਸ ਮੌਕੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਦੇਸ਼ਭਗਤੀ ਦੇ ਗੀਤ, ਭਾਸ਼ਣ, ਭੰਗੜਾ ਅਤੇ ਰੋਲ ਪਲੇਅ ਸਮੇਤ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਗਈਆਂ। ਪ੍ਰੋਗਰਾਮ ਦਾ ਮੰਚ ਸੰਚਾਲਨ ਸੁਖਮਨਜੋਤ ਕੌਰ ਅਤੇ ਰਿਆਨ ਵੱਲੋਂ ਬਾਖੂਬੀ ਕੀਤਾ ਗਿਆ।

ਛੇਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ ਸੁਰੀਲਾ ਦੇਸ਼ਭਗਤੀ ਦਾ ਗੀਤ ਸਭ ਦੇ ਦਿਲਾਂ ਨੂੰ ਛੂਹ ਗਿਆ। ਇਸ ਤੋਂ ਇਲਾਵਾ, ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਭਾਵਪੂਰਨ ਰੋਲ ਪਲੇਅ ਵਿੱਚ ਦੇਸ਼ ਦੀ ਰੱਖਿਆ ਕਰ ਰਹੇ ਸੈਨਿਕਾਂ ਦੇ ਜੀਵਨ, ਉਨ੍ਹਾਂ ਦੀਆਂ ਕੁਰਬਾਨੀਆਂ ਅਤੇ ਪਰਿਵਾਰਾਂ ਦੀਆਂ ਭਾਵਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਗਿਆ।

ਛੇਵੀਂ ਜਮਾਤ ਦੇ ਵਿਦਿਆਰਥੀ ਗੁਰਮਨਵੀਰ ਸਿੰਘ ਵੱਲੋਂ ਸੁਤੰਤਰਤਾ ਦਿਵਸ ਨਾਲ ਸਬੰਧਤ ਪ੍ਰਭਾਵਸ਼ਾਲੀ ਭਾਸ਼ਣ ਪੇਸ਼ ਕੀਤਾ ਗਿਆ। ਇਸ ਉਪਰੰਤ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੀ ਝਲਕ ਪੇਸ਼ ਕਰਦਾ ਜੋਸ਼ੀਲਾ ਭੰਗੜਾ ਵੀ ਪੇਸ਼ ਕੀਤਾ ਗਿਆ, ਜਿਸ ਨੇ ਸਮਾਗਮ ਵਿੱਚ ਰੌਣਕ ਭਰ ਦਿੱਤੀ।

ਇਸ ਸਮੁੱਚੇ ਪ੍ਰੋਗਰਾਮ ਦੀ ਤਿਆਰੀ ਵਿੱਚ ਛੇਵੀਂ ਜਮਾਤ ਦੇ ਅਧਿਆਪਕ ਜੋਬਨਜੀਤ ਸਿੰਘ, ਮਿਸ ਦੀਪਾਂਸ਼ੀ , ਡਾਂਸ ਟੀਚਰ ਅਮਨ ਅਤੇ ਮਿਊਜ਼ਿਕ ਅਧਿਆਪਕਾ ਪ੍ਰੀਤੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਉਨ੍ਹਾਂ ਦੀ ਮਿਹਨਤ ਅਤੇ ਵਿਦਿਆਰਥੀਆਂ ਦੀ ਲਗਨ ਸਦਕਾ ਸਮਾਗਮ ਯਾਦਗਾਰ ਬਣਿਆ।

ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ, “ਸੁਤੰਤਰਤਾ ਸਿਰਫ਼ ਸਾਡਾ ਹੱਕ ਨਹੀਂ, ਸਗੋਂ ਇੱਕ ਵੱਡੀ ਜ਼ਿੰਮੇਵਾਰੀ ਵੀ ਹੈ। ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਦੇਸ਼ਪ੍ਰੇਮ, ਜ਼ਿੰਮੇਵਾਰੀ ਅਤੇ ਆਪਣੇ ਫਰਜ਼ਾਂ ਪ੍ਰਤੀ ਜਾਗਰੂਕ ਕਰਦੇ ਹਨ।” ਉਨ੍ਹਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸ਼ਾਨਦਾਰ ਪੇਸ਼ਕਾਰੀ ਲਈ ਪ੍ਰਸ਼ੰਸਾ ਕੀਤੀ।

ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ਭਗਤਾਂ ਨੇ ਅਥਾਹ ਕੁਰਬਾਨੀਆਂ ਦੇ ਕੇ ਸਾਨੂੰ ਆਜ਼ਾਦੀ ਦਵਾਈ । ਉਨ੍ਹਾਂ ਕਿਹਾ ਕਿ ਵਿਦਿਆਰਥੀ ਦੇਸ਼ ਦਾ ਭਵਿੱਖ ਹਨ ਅਤੇ ਦੇਸ਼ ਨੂੰ ਸਾਫ਼-ਸੁਥਰਾ ਰੱਖਣ, ਪਾਣੀ ਦੀ ਸੰਭਾਲ ਕਰਨ, ਪ੍ਰਦੂਸ਼ਣ ਨੂੰ ਘਟਾਉਣ ਅਤੇ ਵਾਤਾਵਰਨ ਦੀ ਰੱਖਿਆ ਕਰਨ ਵਰਗੇ ਉਪਰਾਲਿਆਂ ਰਾਹੀਂ ਵੀ ਸੱਚੀ ਦੇਸ਼ਭਗਤੀ ਦਾ ਪ੍ਰਗਟਾਵਾ ਕਰ ਸਕਦੇ ਹਨ।

ਉਨ੍ਹਾਂ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਇਹ ਸਮਝਣ ਵਿੱਚ ਸਹਾਇਤਾ ਕਰਦੇ ਹਨ ਕਿ ਆਜ਼ਾਦੀ ਕੇਵਲ ਇੱਕ ਤਿਉਹਾਰ ਨਹੀਂ, ਬਲਕਿ ਅਣਗਿਣਤ ਕੁਰਬਾਨੀਆਂ ਅਤੇ ਸੰਘਰਸ਼ਾਂ ਦਾ ਨਤੀਜਾ ਹੈ। ਸਕੂਲ ਵੱਲੋਂ ਵਿਦਿਆਰਥੀਆਂ ਵਿੱਚ ਜ਼ਿੰਮੇਵਾਰੀ, ਦੇਸ਼ਪ੍ਰੇਮ ਅਤੇ ਚੰਗੇ ਨਾਗਰਿਕ ਬਣਨ ਦੇ ਗੁਣ ਪੈਦਾ ਕਰਨ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ।

ਸਮਾਗਮ ਦੇ ਅੰਤ ਵਿੱਚ ਸਕੂਲ ਦੇ ਸਮੂਹ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਦੀ ਮੌਜੂਦਗੀ ਨੇ ਇਸ ਰਾਸ਼ਟਰੀ ਤਿਉਹਾਰ ਦੀ ਸ਼ਾਨ ਨੂੰ ਹੋਰ ਵਧਾ ਦਿੱਤਾ। ਪੂਰਾ ਸਮਾਗਮ ਦੇਸ਼-ਭਗਤੀ, ਉਤਸ਼ਾਹ ਅਤੇ ਰਾਸ਼ਟਰੀ ਏਕਤਾ ਦੀ ਭਾਵਨਾ ਨਾਲ ਭਰਪੂਰ ਰਿਹਾ।