ਲੁਧਿਆਣਾ/25 ਅਗਸਤ/ (ਜੋਗਿੰਦਰ) — ਨਗਰ ਨਿਗਮ ਲੁਧਿਆਣਾ ਦੀ ਮੀਟਿੰਗ ਦੌਰਾਨ ਉਸ ਵੇਲੇ ਮਾਹੌਲ ਗਰਮਾ ਗਿਆ ਜਦੋਂ ਕੌਂਸਲਰ ਭਵਨੀਤ ਕੌਰ ਸਿੰਮੂ ਨੇ ਨਗਰ ਨਿਗਮ ਦੇ ਐਕਟ ਅਤੇ ਨਿਯਮਾਂ ਦਾ ਹਵਾਲਾ ਦਿੰਦਿਆਂ ਅਧਿਕਾਰੀਆਂ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ। ਕੌਂਸਲਰ ਨੇ ਅਧਿਕਾਰੀਆਂ ਨੂੰ ਕਾਨੂੰਨੀ ਪ੍ਰਬੰਧਾਂ ਦੀ ਸਮਝ ਦਿੰਦਿਆਂ ਕਿਹਾ ਕਿ ਨਗਰ ਨਿਗਮ ਦੇ ਕੰਮਕਾਜ ਵਿੱਚ ਐਕਟ ਅਤੇ ਨਿਯਮਾਂ ਦੀ ਪਾਲਣਾ ਸਭ ਤੋਂ ਉੱਪਰ ਹੋਣੀ ਚਾਹੀਦੀ ਹੈ।
ਮੀਟਿੰਗ ਦੌਰਾਨ ਕੌਂਸਲਰ ਭਵਨੀਤ ਕੌਰ ਸਿੰਮੂ ਅਤੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵਿਚਕਾਰ ਵੀ ਤਿੱਖੀ ਬਹਿਸ ਦੇਖਣ ਨੂੰ ਮਿਲੀ। ਗੱਲ ਇੱਥੋਂ ਤੱਕ ਪਹੁੰਚ ਗਈ ਕਿ ਕੌਂਸਲਰ ਵੱਲੋਂ ਵਿਧਾਇਕ ਨੂੰ ਸਿੱਧਾ ਸਵਾਲ ਕਰਦਿਆਂ “MLA ਦੀ ਫੁੱਲ ਫਾਰਮ ਕੀ ਹੈ?” ਪੁੱਛਿਆ ਗਿਆ, ਜਿਸ ਤੋਂ ਬਾਅਦ ਮੀਟਿੰਗ ਦਾ ਮਾਹੌਲ ਹੋਰ ਗਰਮਾ ਗਿਆ।
ਮੀਟਿੰਗ ਵਿੱਚ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਵੀ ਵੱਖ-ਵੱਖ ਮੁੱਦਿਆਂ ’ਤੇ ਸੱਤਾ ਧਿਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਮੇਅਰ ਵੀ ਵਿਰੋਧੀ ਧਿਰ ਦੇ ਕੌਂਸਲਰਾਂ ਨਾਲ ਤੱਤੇ ਅੰਦਾਜ਼ ਵਿੱਚ ਨਜ਼ਰ ਆਏ ਅਤੇ ਮੀਟਿੰਗ ਵਿੱਚ ਕਈ ਮੌਕਿਆਂ ’ਤੇ ਤਕਰਾਰ ਵਾਲਾ ਮਾਹੌਲ ਬਣਿਆ ਰਿਹਾ।
ਕੌਂਸਲਰ ਭਵਨੀਤ ਕੌਰ ਸਿੰਮੂ ਵੱਲੋਂ ਨਗਰ ਨਿਗਮ ਦੇ ਐਕਟ ਅਤੇ ਨਿਯਮਾਂ ਦਾ ਹਵਾਲਾ ਦੇ ਕੇ ਅਧਿਕਾਰੀਆਂ ਨੂੰ ਘੇਰਨ ਅਤੇ ਵਿਧਾਇਕ ਨੂੰ ਸਿੱਧੇ ਸਵਾਲ ਕਰਨ ਦੀ ਘਟਨਾ ਮੀਟਿੰਗ ਦੀ ਸਭ ਤੋਂ ਚਰਚਿਤ ਗੱਲ ਬਣੀ ਰਹੀ।
ਹੁਣ ਸਵਾਲ ਇਹ ਹੈ ਕਿ ਨਗਰ ਨਿਗਮ ਦੀ ਮੀਟਿੰਗ ਵਿਕਾਸ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹੈ ਜਾਂ ਫਿਰ ਸਿਆਸੀ ਤਕਰਾਰ ਦਾ ਅਖਾੜਾ ਬਣਦੀ ਜਾ ਰਹੀ ਹੈ?





