Saturday, September 12, 2026
20.5 C
London
Home ਪੰਜਾਬ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦਾ ਅੰਦਰੂਨੀ ਵਿਵਾਦ ਆਪਸੀ...

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦਾ ਅੰਦਰੂਨੀ ਵਿਵਾਦ ਆਪਸੀ ਸਹਿਮਤੀ ਨਾਲ ਸੁਲਝਿਆ

0
19

ਸੁਨਾਮ, ਜੋਗਿੰਦਰ/ 06 ਜੁਲਾਈ

ਪ੍ਰਾਪਰਟੀ ਡੀਲਰ ਐਸੋਸੀਏਸ਼ਨ, ਸੁਨਾਮ ਵਿੱਚ ਪਿਛਲੇ ਕੁਝ ਸਮੇਂ ਤੋਂ ਚੱਲ ਰਹੀ ਆਪਸੀ ਗਲਤਫਹਿਮੀ ਅਤੇ ਪ੍ਰਧਾਨਗੀ ਦੇ ਚੱਲ ਰਹੇ ਵਿਵਾਦ ਨੂੰ ਅੱਜ ਸਾਰੀਆਂ ਧਿਰਾਂ ਦੀ ਮੌਜੂਦਗੀ ਵਿੱਚ ਬੜੇ ਹੀ ਸੁਖਾਵੇਂ ਮਾਹੌਲ ਵਿੱਚ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਵੱਲੋਂ ਹੱਲ ਕਰ ਲਿਆ ਗਿਆ ਹੈ। ਐਸੋਸੀਏਸ਼ਨ ਦੇ ਦੋਵਾਂ ਧੜਿਆਂ ਨੇ ਇਕੱਠੇ ਹੋ ਕੇ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਵਪਾਰਕ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵਿੱਚ ਰਾਜਨੀਤੀ ਜਾਂ ਚੋਣਾਂ ਕਾਰਨ ਕੋਈ ਧੜੇਬੰਦੀ ਨਹੀਂ ਹੋਣੀ ਚਾਹੀਦੀ। ਕੁਝ ਗਲਤਫਹਿਮੀਆਂ ਕਾਰਨ ਦੋ ਪ੍ਰਧਾਨ ਥਾਪੇ ਜਾਣ ਦੀ ਸਥਿਤੀ ਬਣ ਗਈ ਸੀ, ਪਰ ਦੋਵੇਂ ਧਿਰਾਂ (ਰਿੰਕੂ ਅਤੇ ਰਾਜੂ) ਆਪਣੇ ਸਾਥੀਆਂ ਸਮੇਤ ਉਹਨਾਂ ਕੋਲ ਇਕੱਠੀਆਂ ਹੋਈਆਂ ਅਤੇ ਪੂਰੀ ਐਸੋਸੀਏਸ਼ਨ ਨੂੰ ਇੱਕ ਪਰਿਵਾਰ ਵਾਂਗ ਇੱਕਜੁੱਟ ਰੱਖਣ ਲਈ ਸਹਿਮਤੀ ਬਣੀ।

ਐਸੋਸੀਏਸ਼ਨ ਦੀ ਬਿਹਤਰੀ ਅਤੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਗਲੇ ਦੋ ਸਾਲਾਂ ਲਈ ਪ੍ਰਧਾਨਗੀ ਦੀ ਵੰਡ ਕੀਤੀ ਗਈ ਹੈ। ਜਿਸ ਤਹਿਤ ਪਹਿਲਾ ਸਾਲ ਸ਼੍ਰੀ ਰਿੰਕੂ 01 ਜੁਲਾਈ ਤੋਂ ਲੈ ਕੇ 30 ਜੂਨ 2027 ਤਕ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਉਣਗੇ। ਇਸ ਤੋਂ ਬਾਅਦ 1 ਜੁਲਾਈ 2027 ਤੋਂ 30 ਜੂਨ 2028 ਤਕ ਪ੍ਰਧਾਨਗੀ ਦੀ ਕਮਾਨ ਸ੍ਰੀ ਰਾਜੂ ਨੂੰ ਸੌਂਪੀ ਜਾਵੇਗੀ।

ਇਹ ਦੋ ਸਾਲਾਂ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ, ਸਮੁੱਚੀ ਐਸੋਸੀਏਸ਼ਨ (ਹਾਊਸ) ਦੇ ਸਾਰੇ ਮੈਂਬਰ ਆਪਸੀ ਸਹਿਮਤੀ ਨਾਲ ਅਗਲਾ ਫੈਸਲਾ ਲੈਣਗੇ।

ਸ਼੍ਰੀ ਅਰੋੜਾ ਨੇ ਕਿਹਾ, “ਪਿਛਲੀਆਂ ਸਰਕਾਰਾਂ ਵਾਂਗ ਘਰ ਬੈਠ ਕੇ ਡਿਕਟੇਟਰਸ਼ਿਪ ਚਲਾਉਣ ਦੀ ਬਜਾਏ, ਸਾਡੀ ਕੋਸ਼ਿਸ਼ ਹਮੇਸ਼ਾ ਇਹੀ ਰਹੀ ਹੈ ਕਿ ਹਰ ਸੰਸਥਾ ਦੇ ਆਪਸੀ ਮਤਭੇਦਾਂ ਨੂੰ ਬਿਨਾਂ ਕਿਸੇ ਝਗੜੇ ਜਾਂ ਚੋਣਾਂ ਦੇ, ਆਪਸ ਵਿੱਚ ਬਿਠਾ ਕੇ ਹੱਲ ਕੀਤਾ ਜਾਵੇ। ਜੇਕਰ ਸਾਰੇ ਇੱਕਜੁੱਟ ਹੋ ਕੇ ਚੱਲਣਗੇ, ਤਾਂ ਹੀ ਵਪਾਰੀਆਂ ਦੇ ਕੰਮਾਂ ਵਿੱਚ ਬਰਕਤ ਆਵੇਗੀ।”

ਇਸ ਫੈਸਲੇ ਤੋਂ ਬਾਅਦ ਦੋਵਾਂ ਧਿਰਾਂ ਦੇ ਸਮਰਥਕਾਂ ਨੇ ਇੱਕ-ਦੂਜੇ ਨੂੰ ਹਾਰ ਪਾ ਕੇ ਅਤੇ ਲੱਡੂ ਖੁਆ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਐਸੋਸੀਏਸ਼ਨ ਦੀ ਬਿਹਤਰੀ ਲਈ ਮਿਲ ਕੇ ਕੰਮ ਕਰਨ ਦਾ ਪ੍ਰਣ ਲਿਆ।