ਸਦਾ ਯਾਦ ਰਹਿਣਗੇ ਸੰਦੀਪ ਗਿਲ੍ਹੋਤਰਾ; ਕੈਬਨਿਟ ਮੰਤਰੀ ਅਮਨ ਅਰੋੜਾ ਦੇ ਸਹੁਰਾ ਸੰਦੀਪ ਗਿਲ੍ਹੋਤਰਾ ਨਮਿਤ ਅੰਤਿਮ ਅਰਦਾਸ 22 ਫਰਵਰੀ ਨੂੰ

0
14

ਸੰਗਰੂਰ/ਸੁਨਾਮ ਊਧਮ ਸਿੰਘ ਵਾਲਾ/ਜੋਗਿੰਦਰ/, 20 ਫਰਵਰੀ/

ਫ਼ਜ਼ਿਲਕਾ ਸਮੇਤ ਸਮੁੱਚੇ ਪੰਜਾਬ ਦੇ ਪ੍ਰਸਿੱਧ ਉਦਯੋਗਪਤੀ, ਸਮਾਜਸੇਵੀ ਅਤੇ ਪ੍ਰਕਿਰਤੀ ਪ੍ਰੇਮੀ ਸ੍ਰੀ ਸੰਦੀਪ ਗਿਲ੍ਹੋਤਰਾ, ਜੋ ਕਿ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਦੇ ਸਹੁਰਾ ਸਨ, 12 ਫਰਵਰੀ 2026, ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਭੂ ਚਰਨਾਂ ਵਿੱਚ ਲੀਨ ਹੋ ਗਏ। ਉਨ੍ਹਾਂ ਦੇ ਅਚਾਨਕ ਵਿਛੋੜੇ ਨਾਲ ਹਰ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ ਤੇ ਉਹਨਾਂ ਨਮਿਤ ਅੰਤਿਮ ਅਰਦਾਸ/ ਰਸਮ ਕਿਰਿਆ, ਐਮ ਆਰ ਵੁਡਸ ਗੋਲਡ, ਫਾਜ਼ਿਲਕਾ ਵਿਖੇ 22 ਫਰਵਰੀ 2026 ਨੂੰ ਹੋਵੇਗੀ।

ਸ੍ਰੀ ਗਿਲ੍ਹੋਤਰਾ ਦਾ ਜਨਮ 6 ਮਾਰਚ 1956 ਨੂੰ ਪ੍ਰਸਿੱਧ ਭੂਮਿਪਤੀ ਸੇਠ ਰਾਜਾ ਰਾਮ ਨਾਗਪਾਲ ਅਤੇ ਸ੍ਰੀਮਤੀ ਕ੍ਰਿਸ਼ਨਾ ਰਾਣੀ ਦੇ ਘਰ ਹੋਇਆ। ਉਨ੍ਹਾਂ ਨੂੰ ਉਨ੍ਹਾਂ ਦੇ ਨਾਨਾ ਅਤੇ ਖੇਤਰ ਦੇ ਮਾਣਯੋਗ ਵਿਅਕਤੀ ਸੇਠ ਮੁੰਸ਼ੀ ਰਾਮ ਗਿਲ੍ਹੋਤਰਾ ਨੇ ਗੋਦ ਲਿਆ। ਸੇਠ ਮੁੰਸ਼ੀ ਰਾਮ ਗਿਲ੍ਹੋਤਰਾ ਆਪਣੇ ਸਮੇਂ ਵਿੱਚ ਨਗਰ ਕੌਂਸਲ ਫਾਜ਼ਿਲਕਾ ਦੇ ਪ੍ਰਧਾਨ ਅਤੇ ਮਾਰਕੀਟ ਕਮੇਟੀ ਫਾਜ਼ਿਲਕਾ ਦੇ ਚੇਅਰਮੈਨ ਰਹੇ ਅਤੇ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਖੇਤਰਾਂ ਵਿੱਚ ਉਨ੍ਹਾਂ ਦਾ ਵਿਸ਼ੇਸ਼ ਮਾਣ-ਸਤਿਕਾਰ ਸੀ।

ਸ੍ਰੀ ਸੰਦੀਪ ਗਿਲ੍ਹੋਤਰਾ ਨੇ ਗ੍ਰੈਜੂਏਸ਼ਨ ਤਕ ਸਿੱਖਿਆ ਪ੍ਰਾਪਤ ਕਰਕੇ ਆਪਣੇ ਉੱਚ ਪਰਿਵਾਰਕ ਸੰਸਕਾਰਾਂ ਨੂੰ ਜੀਵਨ ਦੇ ਹਰ ਖੇਤਰ ਵਿੱਚ ਅਮਲ ਕੀਤਾ। ਮੁਕਤਸਰ ਦੇ ਮਾਣਯੋਗ ਸੇਤੀਆ ਪਰਿਵਾਰ ਦੀ ਪੁੱਤਰੀ ਸ੍ਰੀਮਤੀ ਰੰਜਨਾ ਗਿਲ੍ਹੋਤਰਾ ਨਾਲ ਉਨ੍ਹਾਂ ਦਾ ਵਿਵਾਹ ਹੋਇਆ। ਸ੍ਰੀਮਤੀ ਰੰਜਨਾ ਗਿਲ੍ਹੋਤਰਾ ਨੇ ਇਕ ਆਦਰਸ਼ ਜੀਵਨ ਸਾਥੀ ਵਜੋਂ ਹਰ ਮੋੜ ‘ਤੇ ਉਨ੍ਹਾਂ ਦਾ ਸਾਥ ਨਿਭਾਇਆ। ਉਨ੍ਹਾਂ ਦੇ ਘਰ ਪੁੱਤਰ ਕਰਨ ਗਿਲ੍ਹੋਤਰਾ ਅਤੇ ਧੀ ਸਬੀਨਾ ਦੇ ਰੂਪ ਵਿੱਚ ਖੁਸ਼ੀਆਂ ਆਈਆਂ। ਸ਼੍ਰੀ ਗਿਲ੍ਹੋਤਰਾ ਦੀ ਧੀ ਸਬੀਨਾ ਨਾਲ ਹੀ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਦੀ ਸ਼ਾਦੀ ਹੋਈ।

ਸ੍ਰੀ ਗਿਲ੍ਹੋਤਰਾ ਜੀ ਦੂਰਅੰਦੇਸ਼ੀ ਸੋਚ ਵਾਲੇ ਉਦਯੋਗਪਤੀ ਸਨ। ਫਾਜ਼ਿਲਕਾ ਜ਼ਿਲ੍ਹੇ ਦੇ ਸਭ ਤੋਂ ਵੱਡੇ ਕਲੋਨਾਈਜ਼ਰਾਂ ਵਿੱਚੋਂ ਇੱਕ ਵਜੋਂ ਉਨ੍ਹਾਂ ਨੇ ਕਾਟਨ, ਚਾਵਲ, ਤੇਲ ਉਦਯੋਗ, ਕੋਲਡ ਸਟੋਰ, ਫੋਕਲ ਪਾਇੰਟ, ਸਿਨੇਮਾ, ਸੌਲਰ ਪ੍ਰੋਜੈਕਟ ਅਤੇ ਮੇਰਿਜ ਪੈਲੇਸ ਸਮੇਤ ਕਈ ਖੇਤਰਾਂ ਵਿੱਚ ‘ਐਮ ਆਰ ਗਰੁੱਪ’ ਦੇ ਬੈਨਰ ਹੇਠ ਵਪਾਰਕ ਵਿਸਥਾਰ ਕੀਤਾ। ਉਨ੍ਹਾਂ ਨੇ ਸ਼ਹਿਰ ਵਿੱਚ ਚਾਰ ਵੱਡੀਆਂ ਤੇ ਸ਼ਾਨਦਾਰ ਕਲੋਨੀਆਂ ਦਾ ਨਿਰਮਾਣ ਕਰਵਾ ਕੇ ਸੈਂਕੜਿਆਂ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ।

ਉਨ੍ਹਾਂ ਦਾ ਯੋਗਦਾਨ ਸਿਰਫ਼ ਵਪਾਰ ਤੱਕ ਸੀਮਿਤ ਨਹੀਂ ਸੀ। ਉਹ ਪ੍ਰਕਿਰਤੀ ਪ੍ਰੇਮੀ ਵੀ ਸਨ ਅਤੇ ਫਾਜ਼ਿਲਕਾ ਨੂੰ ਹਰਾ-ਭਰਾ ਬਣਾਉਣ ਲਈ ਹਜ਼ਾਰਾਂ ਪੌਦੇ ਲਗਵਾਏ। ਉਨ੍ਹਾਂ ਦੀ ਇਹ ਸੇਵਾ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਰਹੇਗੀ।

ਸਰਹੱਦੀ ਪਿੰਡ ਰਾਣਾ ਨਾਲ ਉਨ੍ਹਾਂ ਦਾ ਖਾਸ ਲਗਾਵ ਸੀ। ਪਿੰਡ ਦੇ ਵਿਕਾਸ ਲਈ ਉਨ੍ਹਾਂ ਨੇ ਕਈ ਉਪਰਾਲੇ ਕੀਤੇ ਅਤੇ ਸੇਠ ਮੁੰਸ਼ੀ ਰਾਮ ਗਿਲ੍ਹੋਤਰਾ ਸਰਵਹਿਤਕਾਰੀ ਸਕੂਲ ਦੀ ਸਥਾਪਨਾ ਕਰਕੇ ਸਿੱਖਿਆ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।

ਸਮਾਜਿਕ ਅਤੇ ਧਾਰਮਿਕ ਖੇਤਰਾਂ ਵਿੱਚ ਵੀ ਉਹ ਸਰਗਰਮ ਰਹੇ। ਸੀਮਾਵਰਤੀ ਪਿੰਡ ਆਸਫਵਾਲਾ ਵਿੱਚ 1971 ਦੇ ਯੁੱਧ ਦੇ ਸ਼ਹੀਦਾਂ ਦੀ ਯਾਦ ਵਿੱਚ ਬਣੀ ਸ਼ਹੀਦਾਂ ਦੀ ਸਮਾਧੀ ਨਾਲ ਉਨ੍ਹਾਂ ਦਾ ਗਹਿਰਾ ਨਾਤਾ ਸੀ ਤੇ ਇਸ ਸਮਾਧੀ ਦੇ ਪ੍ਰਬੰਧਕਾਂ ਦੇ ਉਹ ਪ੍ਰਧਾਨ ਸਨ ਤੇ ਸਮਾਧੀ ਵਿਕਸਤ ਕਰਨ ਵਿੱਚ ਸਭ ਤੋਂ ਅਹਿਮ ਯੋਗਦਾਨ ਪਾਇਆ। ਉਹ ਹਮੇਸ਼ਾ ਨਵੇਂ ਕਾਰਜ ਦੀ ਸ਼ੁਰੂਆਤ ਇਸ ਸਮਾਧੀ ਵਿਖੇ ਮੱਥਾ ਟੇਕ ਕੇ ਕਰਦੇ ਸਨ।

ਸ੍ਰੀ ਸੰਦੀਪ ਗਿਲ੍ਹੋਤਰਾ ਆਪਣੇ ਪਿੱਛੇ ਧਰਮਪਤਨੀ, ਪੁੱਤਰ-ਪੁੱਤਰਵਧੂ, ਧੀ-ਦਾਮਾਦ, ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਅਤੇ ਵਿਸ਼ਾਲ ਪਰਿਵਾਰ ਨੂੰ ਵਿਛੋੜੇ ਦੇ ਗਮ ਵਿੱਚ ਛੱਡ ਗਏ ਹਨ। ਉਨ੍ਹਾਂ ਦੀ ਮਿਹਨਤ, ਸਾਦਗੀ, ਇਮਾਨਦਾਰੀ ਅਤੇ ਸਮਾਜਸੇਵਾ ਦੀ ਭਾਵਨਾ ਹਮੇਸ਼ਾ ਯਾਦ ਰਹੇਗੀ।

ਖੇਤਰ ਦੀਆਂ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਨੇ ਉਨ੍ਹਾਂ ਦੇ ਦੇਹਾਂਤ ‘ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਬਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ।

ਵਾਹਿਗੁਰੂ ਅੱਗੇ ਅਰਦਾਸ ਹੈ ਕਿ ਬਿਛੜੀ ਹੋਈ ਨੇਕ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਇਹ ਅਸਹਿਣੀ ਦੁੱਖ ਸਹਿਣ ਦੀ ਤਾਕਤ ਬਖ਼ਸ਼ਣ।