Saturday, September 12, 2026
16.5 C
London
Home Uncategorized ਸ਼ਹੀਦੇ ਆਜ਼ਮ ਸਰਦਾਰ ਊਧਮ ਸਿੰਘ ਦੇ ਬੁੱਤ ਦੀ ਸਫਾਈ ਕਰਕੇ ਨਵਾਂ ਤਿਰੰਗਾ...

ਸ਼ਹੀਦੇ ਆਜ਼ਮ ਸਰਦਾਰ ਊਧਮ ਸਿੰਘ ਦੇ ਬੁੱਤ ਦੀ ਸਫਾਈ ਕਰਕੇ ਨਵਾਂ ਤਿਰੰਗਾ ਲਹਿਰਾਇਆ, ਸਰਕਾਰ ਦੀ ਅਣਗਹਿਲੀ ‘ਤੇ ਸ. ਵਿਨਰਜੀਤ ਸਿੰਘ ਖਡਿਆਲ ਦਾ ਤਿੱਖਾ ਹਮਲਾ

0
23

ਸੰਗਰੂਰ ਸੁਨਾਮ/ ਜੋਗਿੰਦਰ/, 3 ਅਗਸਤ/ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸ. ਵਿਨਰਜੀਤ ਸਿੰਘ ਖਡਿਆਲ ਦੀ ਅਗਵਾਈ ਹੇਠ ਅੱਜ ਸੁਨਾਮ ਦੇ ਮੁੱਖ ਚੌਂਕ ਵਿੱਚ ਸਥਿਤ ਸ਼ਹੀਦੇ ਆਜ਼ਮ ਸਰਦਾਰ ਊਧਮ ਸਿੰਘ ਦੇ ਬੁੱਤ ਦੀ ਸਫਾਈ ਕੀਤੀ ਗਈ ਅਤੇ ਉੱਥੇ ਨਵੇਂ ਸਟੀਲ ਦੇ ਡੰਡੇ ਨਾਲ ਰਾਸ਼ਟਰੀ ਝੰਡਾ ਲਹਿਰਾਇਆ ਗਿਆ।


ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਖਡਿਆਲ ਨੇ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਕੁਝ ਸਮਾਂ ਪਹਿਲਾਂ ਪ੍ਰਸ਼ਾਸਨ ਨੂੰ ਬੁੱਤ ‘ਤੇ ਲੱਗੇ ਪੁਰਾਣੇ ਅਤੇ ਖਰਾਬ ਹੋ ਚੁੱਕੇ ਝੰਡੇ ਨੂੰ ਬਦਲਣ ਲਈ ਕਿਹਾ ਗਿਆ ਸੀ, ਪਰ ਝੰਡਾ ਬਦਲਣ ਦੀ ਬਜਾਏ ਡੰਡਾ ਹੀ ਗਾਇਬ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦੀ ਸ਼ਹੀਦਾਂ ਪ੍ਰਤੀ ਸੋਚ ਅਤੇ ਲਾਪਰਵਾਹੀ ਦਾ ਸਪੱਸ਼ਟ ਸਬੂਤ ਹੈ। ਉਨ੍ਹਾਂ ਦੱਸਿਆ ਕਿ ਇਹ ਬੁੱਤ 31 ਜੁਲਾਈ 2008 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਸਾਬਕਾ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੇ ਕਾਰਜਕਾਲ ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ ਪੰਜਾਬ ਦੇ ਪੁਰਾਤੱਤਵ ਵਿਭਾਗ ਵੱਲੋਂ ਇਤਿਹਾਸਕ ਦਸਤਾਵੇਜ਼ਾਂ ਦੇ ਆਧਾਰ ‘ਤੇ ਤਿਆਰ ਕਰਵਾਇਆ ਗਿਆ ਸੀ। ਸ. ਖਡਿਆਲਨੇ ਦੋਸ਼ ਲਗਾਇਆ ਕਿ ਸਰਕਾਰ ਲੋਕਾਂ ਦੇ ਟੈਕਸ ਦੇ ਕਰੋੜਾਂ ਰੁਪਏ ਦਿਖਾਵੇ ਦੇ ਕੰਮਾਂ ‘ਤੇ ਖਰਚ ਕਰ ਰਹੀ ਹੈ, ਜਦਕਿ ਸ਼ਹੀਦਾਂ ਦੀਆਂ ਯਾਦਗਾਰਾਂ ਦੀ ਸੰਭਾਲ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।

ਉਨ੍ਹਾਂ ਕਿਹਾ ਕਿ ਸ਼ਹੀਦੇ ਆਜ਼ਮ ਸਰਦਾਰ ਊਧਮ ਸਿੰਘ ਕਿਸੇ ਇੱਕ ਪਾਰਟੀ ਦੇ ਨਹੀਂ, ਸਗੋਂ ਪੂਰੀ ਕੌਮ ਦਾ ਮਾਣ ਅਤੇ ਸਾਂਝੀ ਵਿਰਾਸਤ ਹਨ, ਇਸ ਲਈ ਉਨ੍ਹਾਂ ਦੀ ਯਾਦਗਾਰ ਦੀ ਸੰਭਾਲ ਹਰ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਸਰਕਾਰ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੀ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਸਮੇਂ-ਸਮੇਂ ‘ਤੇ ਬੁੱਤ ਦੀ ਸਫਾਈ, ਸੰਭਾਲ ਅਤੇ ਝੰਡੇ ਦੀ ਦੇਖਭਾਲ ਆਪਣੀ ਜ਼ਿੰਮੇਵਾਰੀ ਸਮਝਦਿਆਂ ਕਰਦੀ ਰਹੇਗੀ। ਇਸ ਮੌਕੇ ਹਾਜ਼ਰ ਵਰਕਰਾਂ ਨੇ “ਸ਼ਹੀਦੇ ਆਜ਼ਮ ਸਰਦਾਰ ਊਧਮ ਸਿੰਘ ਅਮਰ ਰਹੇ” ਦੇ ਨਾਅਰੇ ਲਗਾ ਕੇ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਹਾਜ਼ਰ ਕੇਸਰ ਸਿੰਘ ਢੋਟ, ਡਾ. ਜਗਬੀਰ ਸਿੰਘ, ਸਿਕੰਦਰ ਸਿੰਘ ਚੀਮਾ, ਗੁਲਸ਼ਨ ਸਿੰਘ, ਨਿਰਮਲ ਸਿੰਘ, ਹਰਬੰਸ ਸਿੰਘ ਭਰੂਰ, ਮਨਪ੍ਰੀਤ ਸਿੰਘ ਬੰਟੀ, ਵਰਿੰਦਰ ਸਿੰਘ ਥਿੰਦ, ਮਨਜੋਤ ਸਿੰਘ, ਬੰਟੀ ਘਟੋੜਾ, ਸੁਖਦਰਸ਼ਨ ਸਿੰਘ, ਸਤਿਨਾਮ ਸਿੰਘ ਸ਼ੇਰੋ, ਮੁਕੇਸ਼ ਕੁਮਾਰ ਆਦਿ ਆਗੂ ਹਾਜ਼ਰ ਸਨ।