ਸੰਗਰੂਰ ਉਭਿਆ/ ਜੋਗਿੰਦਰ/ 30 ਜੁਲਾਈ– ਕਲਗੀਧਰ ਟਰੱਸਟ, ਬੜੂ ਸਾਹਿਬ ਅਧੀਨ ਸੰਚਾਲਿਤ ਅਕਾਲ ਅਕੈਡਮੀ ਉੱਭਿਆ ਦੇ ਵਿਦਿਆਰਥੀਆਂ ਨੇ 70ਵੀਆਂ ਜ਼ੋਨ ਪੱਧਰੀ ਸਕੂਲੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਹਾਸਲ ਕਰਕੇ ਅਕੈਡਮੀ ਦਾ ਨਾਮ ਰੌਸ਼ਨ ਕੀਤਾ।
ਸੰਤ ਈਸਰ ਸਿੰਘ ਪਬਲਿਕ ਸਕੂਲ, ਛਾਹੜ ਵਿਖੇ ਕਰਵਾਏ ਗਏ ਜ਼ੋਨ ਪੱਧਰੀ ਫੁੱਟਬਾਲ ਮੁਕਾਬਲਿਆਂ ਵਿੱਚ ਅਕਾਲ ਅਕੈਡਮੀ ਉੱਭਿਆ ਦੀਆਂ ਅੰਡਰ-14 ਅਤੇ ਅੰਡਰ-17 ਕੁੜੀਆਂ ਦੀਆਂ ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਇਸ ਬਿਹਤਰੀਨ ਪ੍ਰਦਰਸ਼ਨ ਦੇ ਆਧਾਰ ‘ਤੇ ਅੰਡਰ-14 ਵਰਗ ਦੀਆਂ 15 ਅਤੇ ਅੰਡਰ-17 ਵਰਗ ਦੀਆਂ 13 ਵਿਦਿਆਰਥਣਾਂ ਦੀ ਚੋਣ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਕੀਤੀ ਗਈ।
ਇਸ ਤੋਂ ਇਲਾਵਾ ਵਿਸ਼ਵਕਰਮਾ ਪਬਲਿਕ ਸਕੂਲ, ਦਿੜਬਾ ਵਿਖੇ ਕਰਵਾਏ ਗਏ 70ਵੀਆਂ ਜ਼ੋਨ ਪੱਧਰੀ ਰਗਬੀ ਮੁਕਾਬਲਿਆਂ ਵਿੱਚ ਅਕਾਲ ਅਕੈਡਮੀ ਉੱਭਿਆ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ-14 ਲੜਕੀਆਂ ਅਤੇ ਅੰਡਰ-14 ਮੁੰਡਿਆਂ ਦੇ ਵਰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ।
ਇਸ ਮੌਕੇ ਅਕੈਡਮੀ ਦੀ ਪ੍ਰਿੰਸੀਪਲ ਗੁਰਜੀਤ ਕੌਰ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਮਿਹਨਤ, ਅਨੁਸ਼ਾਸਨ ਅਤੇ ਸਮਰਪਣ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਹੋਰ ਵੀ ਲਗਨ ਅਤੇ ਦ੍ਰਿੜ੍ਹ ਇਰਾਦੇ ਨਾਲ ਤਿਆਰੀ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਉਹ ਅਗਲੇ ਪੜਾਅ ‘ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਨਗੇ।
ਪ੍ਰਿੰਸੀਪਲ ਨੇ ਇਸ ਸ਼ਾਨਦਾਰ ਸਫ਼ਲਤਾ ਦਾ ਸਿਹਰਾ ਅਕੈਡਮੀ ਦੇ ਪੀ.ਟੀ.ਆਈ. ਅਧਿਆਪਕ ਸ੍ਰੀ ਜਰਨੈਲ ਸਿੰਘ ਦੀ ਮਿਹਨਤ, ਮਾਰਗਦਰਸ਼ਨ ਅਤੇ ਸਿਖਲਾਈ ਨੂੰ ਦਿੰਦਿਆਂ ਉਨ੍ਹਾਂ ਦੀ ਵਿਸ਼ੇਸ਼ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਨਿਰੰਤਰ ਮਿਹਨਤ ਅਤੇ ਵਿਦਿਆਰਥੀਆਂ ਦੇ ਸਮਰਪਣ ਸਦਕਾ ਅਕਾਲ ਅਕੈਡਮੀ ਉੱਭਿਆ ਸਿੱਖਿਆ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਨਿੱਤ ਨਵੇਂ ਕੀਰਤੀਮਾਨ ਸਥਾਪਤ ਕਰ ਰਹੀ ਹੈ।






