Sunday, November 15, 2026
3.5 C
London
Home Uncategorized ਗੁਰਦੁਆਰਾ ਅੰਗੀਠਾ ਸਾਹਿਬ ਮਸਤੂਆਣਾ ਵਿਖੇ ਸੇਵਾ ਨੂੰ ਲੈ ਕੇ ਪੈਦਾ ਹੋਇਆ ਵਿਵਾਦ...

ਗੁਰਦੁਆਰਾ ਅੰਗੀਠਾ ਸਾਹਿਬ ਮਸਤੂਆਣਾ ਵਿਖੇ ਸੇਵਾ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਸੁਲਝਿਆ

0
36

ਬਾਬਾ ਦਰਸ਼ਨ ਸਿੰਘ ਮੁੱਖ ਸੇਵਾਦਾਰ ਵਜੋਂ ਨਿਭਾਉਣਗੇ ਸੇਵਾ, ਮੀਤ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਸੋਨੀ ਨੇ ਦਿੱਤਾ ਸਹਿਯੋਗ ਦਾ ਭਰੋਸਾ

ਮਸਤੂਆਣਾ ਸਾਹਿਬ, 10 ਨਵੰਬਰ (ਜੋਗਿੰਦਰ): ਗੁਰਦੁਆਰਾ ਅੰਗੀਠਾ ਸਾਹਿਬ ਮਸਤੂਆਣਾ ਵਿਖੇ ਮੁੱਖ ਸੇਵਾਦਾਰ ਦੀ ਸੇਵਾ ਨੂੰ ਲੈ ਕੇ ਪਿਛਲੇ ਦਿਨੀਂ ਪੈਦਾ ਹੋਏ ਵਿਵਾਦ ਸਬੰਧੀ ਅੱਜ ਬਾਬਾ ਦਰਸ਼ਨ ਸਿੰਘ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਸੋਨੀ ਨੇ ਵੀ ਸੰਗਤਾਂ ਦੀ ਮੌਜੂਦਗੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਵਿੱਖ ਵਿੱਚ ਮਿਲ ਕੇ ਸੇਵਾ ਨਿਭਾਉਣ ਦਾ ਭਰੋਸਾ ਦਿੱਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਜਸਵਿੰਦਰ ਸਿੰਘ ਹਰੇੜੀ ਵਾਲਿਆਂ ਨੇ ਦੱਸਿਆ ਕਿ ਗੁਰਦੁਆਰਾ ਅੰਗੀਠਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੁਰਜੀਤ ਸਿੰਘ ਦੇ ਪੰਜ ਤੱਤਾਂ ਵਿੱਚ ਵਿਲੀਨ ਹੋਣ ਉਪਰੰਤ ਮੁੱਖ ਸੇਵਾਦਾਰ ਦੀ ਸੇਵਾ ਨੂੰ ਲੈ ਕੇ ਕੁਝ ਭੰਬਲਭੂਸੇ ਦੀ ਸਥਿਤੀ ਪੈਦਾ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਸੰਨ 2018 ਵਿੱਚ ਬਾਬਾ ਸੁਰਜੀਤ ਸਿੰਘ ਨੇ ਸੰਗਤਾਂ ਦੀ ਮੌਜੂਦਗੀ ਵਿੱਚ ਬਾਬਾ ਦਰਸ਼ਨ ਸਿੰਘ ਨੂੰ ਮੁੱਖ ਸੇਵਾਦਾਰ ਅਤੇ ਬਾਬਾ ਸੁਖਵਿੰਦਰ ਸਿੰਘ ਸੋਨੀ ਨੂੰ ਮੀਤ ਸੇਵਾਦਾਰ ਵਜੋਂ ਸੇਵਾ ਸੌਂਪੀ ਸੀ, ਜਿਸ ਸਬੰਧੀ ਸਬੂਤ ਬਾਬਾ ਦਰਸ਼ਨ ਸਿੰਘ ਕੋਲ ਮੌਜੂਦ ਹਨ।

ਉਨ੍ਹਾਂ ਦੱਸਿਆ ਕਿ ਬਾਬਾ ਸੁਰਜੀਤ ਸਿੰਘ ਦੇ ਭੋਗ ਸਮਾਗਮ ਮੌਕੇ ਸੰਗਤਾਂ ਅਤੇ ਪਹੁੰਚੇ ਮਹਾਂਪੁਰਸ਼ਾਂ ਨੇ ਮੁੜ ਬਾਬਾ ਦਰਸ਼ਨ ਸਿੰਘ ਨੂੰ ਮੁੱਖ ਸੇਵਾਦਾਰ ਵਜੋਂ ਪੱਗ ਦੇ ਕੇ ਸਤਿਕਾਰ ਪ੍ਰਗਟ ਕੀਤਾ ਸੀ। ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਸੋਨੀ ਵੀ ਹਾਜ਼ਰ ਸਨ ਪਰ ਭੋਗ ਸਮਾਗਮ ਤੋਂ ਬਾਅਦ ਕੁਝ ਵਿਅਕਤੀਆਂ ਵੱਲੋਂ ਬਾਬਾ ਸੁਖਵਿੰਦਰ ਸਿੰਘ ਸੋਨੀ ਦਾ ਨਾਂ ਮੁੱਖ ਸੇਵਾਦਾਰ ਵਜੋਂ ਪੇਸ਼ ਕੀਤੇ ਜਾਣ ਕਾਰਨ ਮਾਹੌਲ ਵਿੱਚ ਤਣਾਅ ਪੈਦਾ ਹੋ ਗਿਆ ਸੀ। ਇਸ ਸਬੰਧੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਕਾਫੀ ਚਰਚਾ ਦਾ ਵਿਸ਼ਾ ਬਣੀ ਰਹੀ।

ਇਸ ਦੌਰਾਨ ਬਾਬਾ ਦਰਸ਼ਨ ਸਿੰਘ ਨੇ ਸਿਆਣਪ ਅਤੇ ਸੰਜਮ ਤੋਂ ਕੰਮ ਲੈਂਦਿਆਂ ਕਿਸੇ ਵੀ ਤਰ੍ਹਾਂ ਦੇ ਟਕਰਾਅ ਤੋਂ ਬਚਾਅ ਕੀਤਾ ਅਤੇ ਬਾਬਾ ਸੁਖਵਿੰਦਰ ਸਿੰਘ ਸੋਨੀ ਨਾਲ ਸ਼ਾਂਤਮਈ ਢੰਗ ਨਾਲ ਗੱਲਬਾਤ ਕੀਤੀ। ਮੀਡੀਆ ਦੀ ਮੌਜੂਦਗੀ ਵਿੱਚ ਫੋਨ ਰਾਹੀਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਸੁਖਵਿੰਦਰ ਸਿੰਘ ਸੋਨੀ ਨੇ ਬਾਬਾ ਦਰਸ਼ਨ ਸਿੰਘ ਨੂੰ ਮੁੱਖ ਸੇਵਾਦਾਰ ਵਜੋਂ ਸਮਰਥਨ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਉਹ ਬਾਬਾ ਦਰਸ਼ਨ ਸਿੰਘ ਨਾਲ ਮਿਲ ਕੇ ਮੀਤ ਸੇਵਾਦਾਰ ਵਜੋਂ ਆਪਣੀਆਂ ਸੇਵਾਵਾਂ ਨਿਭਾਉਣਗੇ। ਉਨ੍ਹਾਂ ਦੇ ਇਸ ਫੈਸਲੇ ਨਾਲ ਮੌਕੇ ’ਤੇ ਮੌਜੂਦ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਖੁਸ਼ੀ ਅਤੇ ਤਸੱਲੀ ਦਾ ਪ੍ਰਗਟਾਵਾ ਕੀਤਾ।

ਇਸ ਮੌਕੇ ਬਾਬਾ ਦਰਸ਼ਨ ਸਿੰਘ ਨੇ ਗੁਰਦੁਆਰਾ ਅੰਗੀਠਾ ਸਾਹਿਬ ਨਾਲ ਸਬੰਧਤ ਪਹਿਲਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਵੀਡੀਓਜ਼ ਸਬੰਧੀ ਮੁੱਖ ਸੇਵਾਦਾਰ ਵਜੋਂ ਆਪਣੀ ਜ਼ਿੰਮੇਵਾਰੀ ਸਮਝਦਿਆਂ ਕਿਹਾ ਕਿ ਭਵਿੱਖ ਵਿੱਚ ਅਜਿਹੀ ਕੋਈ ਘਟਨਾ ਨਹੀਂ ਵਾਪਰਨ ਦਿੱਤੀ ਜਾਵੇਗੀ, ਜਿਸ ਨਾਲ ਨਾਨਕ ਨਾਮ ਲੇਵਾ ਸੰਗਤਾਂ ਦੇ ਹਿਰਦਿਆਂ ਨੂੰ ਠੇਸ ਪਹੁੰਚੇ। ਉਨ੍ਹਾਂ ਬਾਬਾ ਸੁਖਵਿੰਦਰ ਸਿੰਘ ਸੋਨੀ ਅਤੇ ਸਮੂਹ ਸੰਗਤਾਂ ਦਾ ਉਨ੍ਹਾਂ ਵਿੱਚ ਭਰੋਸਾ ਪ੍ਰਗਟਾਉਣ ਲਈ ਧੰਨਵਾਦ ਵੀ ਕੀਤਾ।

ਇਸ ਮੌਕੇ ਬਾਬਾ ਜਸਵਿੰਦਰ ਸਿੰਘ ਹਰੇੜੀ ਵਾਲੇ, ਬਾਬਾ ਮੱਖਣ ਸਿੰਘ ਭੈਣੀ, ਬਾਬਾ ਕੁਲਦੀਪ ਸਿੰਘ ਮੋਨੀ ਵੱਲੋਂ ਪੰਜ ਸਿੰਘ ਸਾਹਿਬਾਨ ਤੋਂ ਇਲਾਵਾ ਸਾਬਕਾ ਚੇਅਰਮੈਨ ਹਰਭਜਨ ਸਿੰਘ ਦੁੱਗਾ, ਲਾਈਫ ਮੈਂਬਰ ਅਕਾਲ ਕਾਲਜ ਕੌਂਸਲ ਮਸਤੂਆਣਾ, ਸਾਬਕਾ ਸਰਪੰਚ ਜਰਨੈਲ ਸਿੰਘ ਚੰਗਾਲ, ਕਰਨੈਲ ਸਿੰਘ ਜੱਸੇ ਕਾ ਸਾਬਕਾ ਕੌਂਸਲਰ ਲੌਂਗੋਵਾਲ, ਮੇਵਾ ਸਿੰਘ ਦੁੱਗਾ ਮੈਡੀਕਲ ਕਾਲਜ ਸੰਘਰਸ਼ ਕਮੇਟੀ, ਬੰਤ ਸਿੰਘ ਫੌਜੀ, ਬਿੰਦਰ ਸਿੰਘ ਬਡਰੁੱਖਾ, ਨਛੱਤਰ ਸਿੰਘ ਬਡਰੁੱਖਾ, ਭਰਪੂਰ ਸਿੰਘ, ਬਲਵੀਰ ਸਿੰਘ ਵਾਲੀਆਂ, ਜੰਗੀਰ ਸਿੰਘ ਬਾਲੀਆਂ, ਰਜਿੰਦਰ ਸਿੰਘ ਲਿੱਧੜਾ, ਕਾਕਾ ਸਿੰਘ ਬਡਰੁੱਖਾ, ਪਰਤਾਪ ਸਿੰਘ ਬਡਰੁੱਖਾ, ਸਰਦਾਰਾ ਸਿੰਘ, ਬਲਵਿੰਦਰ ਸਿੰਘ ਭੱਠਲ, ਮਾਸਟਰ ਅਜੈਬ ਸਿੰਘ ਬਹਾਦਰਪੁਰ, ਮਲਕੀਤ ਸਿੰਘ ਬਹਾਦਰਪੁਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ।