Saturday, September 12, 2026
20.5 C
London
Home Uncategorized 93 ਸਾਲਾ ਡਾ. (ਕਰਨਲ) ਰਾਜਿੰਦਰ ਸਿੰਘ ਬੀ.ਸੀ. ਰਾਏ ਐਵਾਰਡ ਨਾਲ ਸਨਮਾਨਿਤ

93 ਸਾਲਾ ਡਾ. (ਕਰਨਲ) ਰਾਜਿੰਦਰ ਸਿੰਘ ਬੀ.ਸੀ. ਰਾਏ ਐਵਾਰਡ ਨਾਲ ਸਨਮਾਨਿਤ

0
30

ਚੰਡੀਗੜ੍ਹ/ ਜੋਗਿੰਦਰ /2ਜੁਲਾਈ: ਨਸ਼ਾ ਮੁਕਤੀ ਅਤੇ ਮਾਨਸਿਕ ਸਿਹਤ ਦੇ ਖੇਤਰ ਵਿੱਚ ਚਾਰ ਦਹਾਕਿਆਂ ਤੋਂ ਵੱਧ ਸਮੇਂ ਦੀ ਨਿਸ਼ਕਾਮ ਸੇਵਾ ਲਈ ਦਿ ਕਲਗੀਧਰ ਟਰੱਸਟ, ਬੜੂ ਸਾਹਿਬ ਦੇ ਅਕਾਲ ਸਾਈਕਿਆਟਰੀ ਅਤੇ ਡਰੱਗ ਡੀ-ਐਡਿਕਸ਼ਨ ਸੈਂਟਰਾਂ ਦੇ ਡਾਇਰੈਕਟਰ ਡਾ. (ਕਰਨਲ) ਰਾਜਿੰਦਰ ਸਿੰਘ (93) ਨੂੰ ਪੰਜਾਬ ਸਰਕਾਰ ਵੱਲੋਂ ਆਯੋਜਿਤ ਰਾਜ ਪੱਧਰੀ ਡਾਕਟਰਜ਼ ਡੇ ਐਵਾਰਡ ਸਮਾਰੋਹ ਦੌਰਾਨ ਉੱਤਮ ਲੋਕ ਸੇਵਾ ਲਈ ਪ੍ਰਤਿਸ਼ਠਿਤ ਬੀ.ਸੀ. ਰਾਏ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਇਹ ਸਨਮਾਨ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਰਾਹੁਲ ਭੰਡਾਰੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਪ੍ਰਦਾਨ ਕੀਤਾ। ਸਮਾਰੋਹ ਦੌਰਾਨ ਪੰਜਾਬ ਦੇ ਸਰਕਾਰੀ ਅਤੇ ਨਿੱਜੀ ਸਿਹਤ ਸੰਸਥਾਨਾਂ ਨਾਲ ਸੰਬੰਧਿਤ 58 ਡਾਕਟਰਾਂ ਨੂੰ ਜਨ ਸਿਹਤ ਦੇ ਖੇਤਰ ਵਿੱਚ ਉਨ੍ਹਾਂ ਦੇ ਵਿਲੱਖਣ ਯੋਗਦਾਨ ਲਈ ਵੱਖ-ਵੱਖ ਸ਼੍ਰੇਣੀਆਂ ਵਿੱਚ ਸਨਮਾਨਿਤ ਕੀਤਾ ਗਿਆ।

ਬੀ.ਸੀ. ਰਾਏ ਐਵਾਰਡ ਪੰਜਾਬ ਵਿੱਚ ਡਾਕਟਰੀ ਖੇਤਰ ਦੇ ਸਭ ਤੋਂ ਵੱਕਾਰੀ ਸਨਮਾਨਾਂ ਵਿੱਚੋਂ ਇੱਕ ਹੈ। ਇਸ ਲਈ ਡਾਕਟਰਾਂ ਦੀ ਚੋਣ ਆਨਲਾਈਨ ਨਾਮਜ਼ਦਗੀ, ਵਿਸਤ੍ਰਿਤ ਜਾਂਚ ਅਤੇ ਬਹੁ-ਪੱਧਰੀ ਮੁਲਾਂਕਣ ਪ੍ਰਕਿਰਿਆ ਰਾਹੀਂ ਕੀਤੀ ਜਾਂਦੀ ਹੈ। ਇਸ ਵਿੱਚ ਜਨ ਸਿਹਤ ਸੇਵਾਵਾਂ, ਲੀਡਰਸ਼ਿਪ, ਨੈਤਿਕ ਡਾਕਟਰੀ ਅਭਿਆਸ, ਭਾਈਚਾਰਕ ਸੇਵਾ, ਖੋਜ, ਸਿਖਲਾਈ, ਮਾਰਗਦਰਸ਼ਨ ਅਤੇ ਮਰੀਜ਼ਾਂ ਅਤੇ ਸਮਾਜ ‘ਤੇ ਪਏ ਸਮੁੱਚੇ ਪ੍ਰਭਾਵ ਦਾ ਮੁਲਾਂਕਣ ਕੀਤਾ ਜਾਂਦਾ ਹੈ।

ਸਾਲ 2004 ਤੋਂ ਡਾ. (ਕਰਨਲ) ਰਾਜਿੰਦਰ ਸਿੰਘ ਪੰਜਾਬ ਦੇ ਸਭ ਤੋਂ ਵੱਡੇ ਗੈਰ-ਸਰਕਾਰੀ ਪੇਂਡੂ ਮਨੋਚਿਕਿਤਸਾ ਅਤੇ ਨਸ਼ਾ ਮੁਕਤੀ ਕੇਂਦਰਾਂ ਵਿੱਚੋਂ ਇੱਕ ਦੀ ਅਗਵਾਈ ਕਰ ਰਹੇ ਹਨ। 30 ਬਿਸਤਿਆਂ ਵਾਲੇ ਇਸ ਇਨਡੋਰ ਕੇਂਦਰ ਰਾਹੀਂ ਉਹ ਨਸ਼ੇ ਅਤੇ ਮਾਨਸਿਕ ਰੋਗਾਂ ਨਾਲ ਜੂਝ ਰਹੇ ਹਜ਼ਾਰਾਂ ਮਰੀਜ਼ਾਂ ਨੂੰ ਸਸਤਾ, ਸੁਲਭ ਅਤੇ ਮਾਨਵਤਾਵਾਦੀ ਇਲਾਜ ਪ੍ਰਦਾਨ ਕਰ ਰਹੇ ਹਨ। ਦਿ ਕਲਗੀਧਰ ਟਰੱਸਟ ਦੇ ਬੈਨਰ ਹੇਠ ਉਹ ਹੁਣ ਤੱਕ ਇੱਕ ਲੱਖ ਤੋਂ ਵੱਧ ਮਰੀਜ਼ਾਂ ਦਾ ਇਲਾਜ ਕਰ ਚੁੱਕੇ ਹਨ, ਜਿੱਥੇ ਵਿਗਿਆਨਕ ਇਲਾਜ, ਕਾਊਂਸਲਿੰਗ, ਪਰਿਵਾਰਕ ਭਾਗੀਦਾਰੀ, ਅਧਿਆਤਮਿਕਤਾ ਅਤੇ ਭਾਈਚਾਰਕ ਸਹਿਯੋਗ ਨੂੰ ਇੱਕਠਾ ਕਰਕੇ ਇਲਾਜ ਕੀਤਾ ਜਾਂਦਾ ਹੈ।

ਡਾ. (ਕਰਨਲ) ਰਾਜਿੰਦਰ ਸਿੰਘ ਅਕਾਲ ਇੰਟੀਗ੍ਰੇਟਿਡ ਕਮਿਊਨਿਟੀ ਐਡਿਕਸ਼ਨ ਰਿਕਵਰੀ ਮਾਡਲ (AICARM) ਦੇ ਰਚਨਹਾਰ ਹਨ। ਇਸ ਨਵੀਨਤਾਕਾਰੀ ਪੁਨਰਵਾਸ ਮਾਡਲ ਰਾਹੀਂ ਮਰੀਜ਼ਾਂ ਵਿੱਚ ਮੁੜ ਨਸ਼ੇ ਵੱਲ ਪਰਤਣ (ਰਿਲੈਪਸ) ਦੀ ਦਰ ਸਿਰਫ਼ 32 ਫ਼ੀਸਦੀ ਰਹੀ ਹੈ, ਜੋ ਕਿ ਵਿਸ਼ਵ ਸਿਹਤ ਸੰਸਥਾ (WHO) ਵੱਲੋਂ ਦਰਸਾਈ ਗਈ 40 ਤੋਂ 60 ਫ਼ੀਸਦੀ ਦੀ ਵਿਸ਼ਵ ਪੱਧਰੀ ਦਰ ਨਾਲੋਂ ਕਾਫ਼ੀ ਘੱਟ ਹੈ। ਇਹ ਮਾਡਲ ਖ਼ਾਸ ਕਰਕੇ ਪੇਂਡੂ ਅਤੇ ਸੀਮਤ ਸਰੋਤਾਂ ਵਾਲੇ ਖੇਤਰਾਂ ਵਿੱਚ ਨਸ਼ਾ ਮੁਕਤੀ ਲਈ ਇੱਕ ਪ੍ਰਭਾਵਸ਼ਾਲੀ ਅਤੇ ਭਾਈਚਾਰਾ-ਆਧਾਰਿਤ ਮਾਡਲ ਵਜੋਂ ਉਭਰਿਆ ਹੈ।

ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਡਾ. (ਕਰਨਲ) ਰਾਜਿੰਦਰ ਸਿੰਘ ਨੇ ਕਿਹਾ, “ਮੈਂ ਆਪਣੇ ਹਰ ਮਰੀਜ਼ ਵਿੱਚ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਦਾ ਹਾਂ। ਇਹੀ ਭਾਵਨਾ ਮੈਨੂੰ ਸੇਵਾ ਕਰਦੇ ਰਹਿਣ ਦੀ ਤਾਕਤ ਦਿੰਦੀ ਹੈ। ਨਸ਼ੇ ਅਤੇ ਮਾਨਸਿਕ ਰੋਗਾਂ ਨਾਲ ਪੀੜਤ ਲੋਕਾਂ ਦੀ ਸੇਵਾ ਕਰਨਾ ਮੇਰੇ ਲਈ ਗੁਰੂ ਦੀ ਸੇਵਾ ਕਰਨ ਦੇ ਬਰਾਬਰ ਹੈ। ਜਦੋਂ ਤੱਕ ਵਾਹਿਗੁਰੂ ਮੈਨੂੰ ਸਮਰੱਥਾ ਬਖ਼ਸ਼ਣਗੇ, ਮੈਂ ਇਸ ਮਿਸ਼ਨ ਨੂੰ ਜਾਰੀ ਰੱਖਾਂਗਾ।”

93 ਸਾਲ ਦੀ ਉਮਰ ਵਿੱਚ ਵੀ ਡਾ. (ਕਰਨਲ) ਰਾਜਿੰਦਰ ਸਿੰਘ ਪੂਰੀ ਤਰ੍ਹਾਂ ਸਵੈ-ਇੱਛਾ ਨਾਲ ਸਮਾਜ ਸੇਵਾ ਵਿੱਚ ਜੁਟੇ ਹੋਏ ਹਨ। ਉਨ੍ਹਾਂ ਨੇ ਆਪਣਾ ਪੂਰਾ ਜੀਵਨ ਨਸ਼ੇ ਅਤੇ ਮਾਨਸਿਕ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇੱਜ਼ਤਭਰੀ ਜ਼ਿੰਦਗੀ ਵਾਪਸ ਦਿਵਾਉਣ ਲਈ ਸਮਰਪਿਤ ਕੀਤਾ ਹੈ। ਉਨ੍ਹਾਂ ਦੀ ਨਿਰੰਤਰ ਸੇਵਾ ਨੇ ਹਜ਼ਾਰਾਂ ਡਾਕਟਰਾਂ, ਕਾਊਂਸਲਰਾਂ ਅਤੇ ਸਮਾਜ ਸੇਵਕਾਂ ਨੂੰ ਪ੍ਰੇਰਿਤ ਕੀਤਾ ਹੈ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਉਨ੍ਹਾਂ ਦੀਆਂ ਵਿਲੱਖਣ ਸੇਵਾਵਾਂ ਨੂੰ ਮਾਨਤਾ ਮਿਲੀ ਹੋਵੇ। ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਸਰਕਾਰ ਵੀ ਉਨ੍ਹਾਂ ਨੂੰ ਸਿਹਤ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਕਰ ਚੁੱਕੀ ਹੈ।

ਇਹ ਸਨਮਾਨ ਸਿਰਫ਼ ਇੱਕ ਉੱਤਮ ਡਾਕਟਰ ਦਾ ਹੀ ਨਹੀਂ, ਸਗੋਂ ਉਸ ਸਮਰਪਿਤ ਜੀਵਨ ਦਾ ਸਨਮਾਨ ਹੈ ਜੋ ਕਰੁਣਾਮਈ ਸਿਹਤ ਸੇਵਾ, ਨੈਤਿਕ ਡਾਕਟਰੀ ਅਭਿਆਸ ਅਤੇ ਨਸ਼ਾ-ਮੁਕਤ ਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਸਮਰਪਿਤ ਰਿਹਾ ਹੈ।