ਸੰਗਰੂਰ ਸੁਨਾਮ ਜੋਗਿੰਦਰ 14 ਸਤੰਬਰ/- ਪਿਛਲੇ ਦਿਨੀਂ ਨਸ਼ਿਆਂ ਸਬੰਧੀ ਸਵਾਲ ਪੁੱਛਣ ਦੇ ਮਾਮਲੇ ਵਿੱਚ ਕਥਿਤ ਤੌਰ ’ਤੇ ਹੋਈ ਬੇਰਹਿਮੀ ਤੋਂ ਬਾਅਦ ਆਤਮਹੱਤਿਆ ਕਰ ਚੁੱਕੇ ਮਰਹੂਮ ਗੁਲਜ਼ਾਰ ਸਿੰਘ ਤੂਰਬੰਜਾਰਾ ਦੇ ਪਰਿਵਾਰ ਦੀ ਮਦਦ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ 2 ਲੱਖ ਰੁਪਏ ਦੀ ਸਹਾਇਤਾ ਭੇਜੀ ਗਈ। ਇਹ ਰਕਮ ਵਿਨਰਜੀਤ ਸਿੰਘ ਖਡਿਆਲ ਹਲਕਾ ਇੰਚਾਰਜ ਸੁਨਾਮ ਅਤੇ ਗੁਲਜਾਰ ਸਿੰਘ ਮੂਨਕ ਹਲਕਾ ਇੰਚਾਰਜ ਦਿੜਬਾ ਨੇ ਜ਼ਿਲ੍ਹਾ ਸੰਗਰੂਰ ਦੀ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਜਥੇਬੰਦੀ ਵੱਲੋਂ ਮਰਹੂਮ ਦੇ ਪਰਿਵਾਰ ਨੂੰ ਸੌਂਪੀ ਗਈ। ਇਸ ਮੌਕੇ ਇੰਜੀਨੀਅਰ ਵਿਨਰਜੀਤ ਸਿੰਘ ਖਡਿਆਲ ਨੇ ਕਿਹਾ ਕਿ ਗੁਲਜ਼ਾਰ ਸਿੰਘ ਤੂਰਬੰਜਾਰਾ ਦੇ ਪਰਿਵਾਰ ਨਾਲ ਵਾਪਰੀ ਘਟਨਾ ਬੇਹੱਦ ਦੁਖਦਾਈ ਅਤੇ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਨਾਗਰਿਕ ਵੱਲੋਂ ਨਸ਼ਿਆਂ ਸਬੰਧੀ ਸਵਾਲ ਪੁੱਛਣਾ ਕੋਈ ਜੁਰਮ ਨਹੀਂ ਹੈ। ਜੇਕਰ ਕਿਸੇ ਵਿਅਕਤੀ ਨਾਲ ਸਵਾਲ ਪੁੱਛਣ ਕਾਰਨ ਬੇਰਹਿਮੀ ਕੀਤੀ ਗਈ ਹੈ ਤਾਂ ਇਹ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦਾ ਘੋਰ ਅਪਮਾਨ ਹੈ। ਖਡਿਆਲ ਨੇ ਪੰਜਾਬ ਸਰਕਾਰ ’ਤੇ ਤਿੱਖੇ ਨਿਸ਼ਾਨੇ ਸੇਧਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ਿਆਂ ਦੇ ਖ਼ਾਤਮੇ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ, ਪਰ ਜਦੋਂ ਨਸ਼ਿਆਂ ਦੇ ਮੁੱਦੇ ’ਤੇ ਸਵਾਲ ਚੁੱਕਣ

ਵਾਲੇ ਲੋਕਾਂ ਨੂੰ ਕਥਿਤ ਧੱਕੇਸ਼ਾਹੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਸਰਕਾਰ ਅਤੇ ਪ੍ਰਸ਼ਾਸਨ ਚੁੱਪ ਧਾਰ ਲੈਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸੱਚਮੁੱਚ ਨਸ਼ਿਆਂ ਵਿਰੁੱਧ ਹੈ ਤਾਂ ਉਸ ਨੂੰ ਨਸ਼ਿਆਂ ਦੇ ਸਵਾਲ ਉਠਾਉਣ ਵਾਲੇ ਲੋਕਾਂ ਦੀ ਆਵਾਜ਼ ਦਬਾਉਣ ਦੀ ਬਜਾਏ ਉਨ੍ਹਾਂ ਦੀ ਸੁਰੱਖਿਆ ਅਤੇ ਇਨਸਾਫ਼ ਯਕੀਨੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਲਜ਼ਾਰ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦੇਣਾ ਸਰਕਾਰ ਅਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਘਟਨਾ ਦੀ ਨਿਰਪੱਖ ਜਾਂਚ ਕਰਵਾਈ ਜਾਵੇ, ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇ। ਸ਼੍ਰੋਮਣੀ ਅਕਾਲੀ ਦਲ ਪਰਿਵਾਰ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ ਅਤੇ ਇਨਸਾਫ਼ ਦੀ ਆਵਾਜ਼ ਨੂੰ ਦਬਣ, ਖਡਿਆਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਪਰਿਵਾਰ ਦੀ ਮਦਦ ਲਈ ਭੇਜੀ ਗਈ 2 ਲੱਖ ਰੁਪਏ ਦੀ ਰਕਮ ਪਾਰਟੀ ਦੀ ਮਨੁੱਖਤਾ ਅਤੇ ਦੁੱਖ ਦੀ ਘੜੀ ਵਿੱਚ ਲੋਕਾਂ ਨਾਲ ਖੜ੍ਹਨ ਦੀ ਵਚਨਬੱਧਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਅਤੇ ਵਰਕਰ ਪਰਿਵਾਰ ਦੇ ਨਾਲ ਹਨ ਅਤੇ ਹਰ ਸੰਭਵ ਸਹਿਯੋਗ ਜਾਰੀ ਰੱਖਣਗੇ।
ਇਸ ਮੌਕੇ ਦੀ ਸ਼੍ਰੋਮਣੀ ਅਕਾਲੀ ਦਲ ਸੰਗਰੂਰ ਜ਼ਿਲ੍ਹਾ ਦੀ ਜਥੇਬੰਦੀ ਅਤੇ ਅਹੁਦੇਦਾਰ ਵੱਲੋਂ ਮਰਹੂਮ ਗੁਲਜ਼ਾਰ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ।






